ਈਡੀ ਵੱਲੋਂ ਵਾਡਰਾ ਤੋਂ ਦੂਜੇ ਦਿਨ ਵੀ ਪੁੱਛ-ਪੜਤਾਲ

ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਲਗਾਤਾਰ ਦੂਜੇ ਦਿਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਰਾਬਰਟ ਵਾਡਰਾ ਤੋਂ ਕਥਿਤ ਕਾਲੇ ਧਨ ਨੂੰ ਸਫੈਦ ਕਰਨ ਨਾਲ ਸਬੰਧਤ ਮਾਮਲੇ ਵਿੱਚ ਨੌਂ ਘੰਟੇ ਤੱਕ ਪੁੱਛਗਿੱਛ ਕੀਤੀ। ਵਾਡਰਾ ਤੋਂ ਸ਼ੁੱਕਰਵਾਰ ਜਾਂ ਸ਼ਨਿੱਚਰਵਾਰ ਨੂੰ ਮੁੜ ਤੋਂ ਪੁੱਛ-ਗਿੱਛ ਕੀਤੇ ਜਾਣ ਦੇ ਆਸਾਰ ਹਨ। ਵਾਡਰਾ ਦੇ ਵਕੀਲਾਂ ਮੁਤਾਬਕ ਉਨ੍ਹਾਂ ਦੇ ਮੁਵੱਕਿਲ ਨੇ ਜਾਂਚ ਏਜੰਸੀ ਦੇ ਹਰ ਸਵਾਲ ਦਾ ਜਵਾਬ ਦਿੱਤਾ। ਵਾਡਰਾ ਦੇ ਵਕੀਲ ਕੇ ਟੀ ਐਸ ਤੁਲਸੀ ਨੇ ਈਡੀ ਦਫ਼ਤਰ ਦੇ ਬਾਹਰ ਕਿਹਾ ਕਿ ਵਾਡਰਾ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਵਾਡਰਾ, ਜਿਸ ਤੋਂ ਈਡੀ ਨੇ ਲੰਘੇ ਦਿਨ ਸਾਢੇ ਪੰਜ ਘੰਟੇ ਤਕ ਪੁੱਛ-ਪੜਤਾਲ ਕੀਤੀ ਸੀ, ਅੱਜ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਕੇਂਦਰੀ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਈਡੀ ਦਫ਼ਤਰ ਪੁੱਜ ਗਿਆ। ਵਾਡਰਾ ਦੇ ਵਕੀਲਾਂ ਦੀ ਟੀਮ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਉਥੇ ਮੌਜੂਦ ਸੀ। ਅਧਿਕਾਰੀਆਂ ਮੁਤਾਬਕ ਵਾਡਰਾ ਨੂੰ ਅੱਜ ਦੁਬਾਰਾ ਇਸ ਲਈ ਸੱਦਿਆ ਸੀ ਕਿਉਂਕਿ ਯੂਕੇ ਵਿੱਚ ਕਥਿਤ ਅਚੱਲ ਅਸਾਸਿਆਂ ਸਬੰਧੀ ਕੁਝ ਸਵਾਲਾਂ ਦੇ ਜਵਾਬ ਲੋੜੀਂਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਲੰਘੇ ਦਿਨ ਵਾਂਗ ਵਾਡਰਾ ਨੇ ਜਿਹੜੇ ਬਿਆਨ ਅੱਜ ਦਿੱਤੇ, ਉਨ੍ਹਾਂ ਨੂੰ ਪ੍ਰੀਵੈਨਸ਼ਨ ਆਫ਼ ਮਨੀ ਲੌਂਡਰਿੰਗ ਐਕਟ (ਕਾਲੇ ਧਨ ਨੂੰ ਸਫ਼ੈਦ ਕਰਨ ਤੋਂ ਰੋਕਣ) ਤਹਿਤ ਦਰਜ ਕੀਤਾ ਗਿਆ ਹੈ।

VIA PUNJAB