ਕਰਤਾਰਪੁਰ ਲਾਂਘਾ ਡੇਰਾ ਬਾਬਾ ਨਾਨਕ ’ਚ ਬਣੇਗੀ ਇਮੀਗ੍ਰੇਸ਼ਨ ਚੈੱਕ ਪੋਸਟ

ਨਵੀਂ ਦਿੱਲੀ – ਗੁਰਦਾਸਪੁਰ ਜ਼ਿਲ੍ਹੇ ’ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਵਿਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੋਸਟ ਕਾਇਮ ਕੀਤੀ ਜਾਵੇਗੀ। ਡੇਰਾ ਬਾਬਾ ਨਾਨਕ ਗੁਆਂਢੀ ਮੁਲਕ ’ਚ ਦਾਖ਼ਲ ਹੋਣ ਅਤੇ ਵਾਪਸ ਪਰਤਣ ਲਈ ਲੋੜੀਂਦੇ ਦਸਤਾਵੇਜ਼ ਜਾਂਚਣ ਤੇ ਮਨਜ਼ੂਰੀ ਦੇਣ ਦੀ ਅਹਿਮ ਜਗ੍ਹਾ ਹੋਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਲੋੜੀਂਦੇ ਦਸਤਾਵੇਜ਼ਾਂ ਵਾਲੇ ਇਸ ਪੋਸਟ ਰਾਹੀਂ ਆ-ਜਾ ਸਕਣਗੇ। ਇਹ ਨੋਟੀਫ਼ਿਕੇਸ਼ਨ ਪਾਸਪੋਰਟ ਨੇਮਾਂ ਮੁਤਾਬਕ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਇਲਾਕੇ ਵਿਚ ਸਥਿਤ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਰਾਵੀ ਦਰਿਆ ਕੰਢੇ ਸੁਸ਼ੋਭਿਤ ਹੈ ਤੇ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ ਸਿਰਫ਼ 3-4 ਕਿਲੋਮੀਟਰ ਦੀ ਵਿੱਥ ’ਤੇ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਨੇ ਇਸ ਸਥਾਨ ’ਤੇ ਜੀਵਨ ਦੇ 18 ਤੋਂ ਵੱਧ ਵਰ੍ਹੇ ਬਤੀਤ ਕੀਤੇ। ਲੰਘੇ ਵਰ੍ਹੇ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ (ਕੌਮਾਂਤਰੀ ਸਰਹੱਦ ਤੱਕ) ਦਾ ਨੀਂਹ ਪੱਥਰ ਰੱਖਿਆ ਸੀ।

VIA PUNJAB