ਕੇਂਦਰ ਵੱਲੋਂ ਰਾਮ ਮੰਦਰ ਦੀ ਉਸਾਰੀ ਸਬੰਧੀ 11 ਦਸੰਬਰ ਮਗਰੋਂ ਵੱਡਾ ਐਲਾਨ ਸੰਭਵ

ਕੇਦਰੀ ਮੰਤਰੀ ਨੇ ਹਿੰਦੂ ਸੰਤ ਨੂੰ ਦਿੱਤਾ ਭਰੋਸਾ

ਨਵੀਂ ਦਿਲੀ – ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ‘ਚ ਦੇਰੀ ਹੋਣ ਕਰਕੇ ਅਜ ਵੀਐਚਪੀ ਨੇ ਧਰਮ ਸਭਾ ਕਰਵਾਈ। ਇਸ ਮੌਕੇ ਜ਼ਰਾ ਤਲਖ਼ ਹੁੰਦਿਆਂ ਵੀਐਚਪੀ ਨੇ ਕਿਹਾ ਕਿ ਇਹ ਰਾਮ ਮੰਦਰ ਸਬੰਧੀ ਆਖ਼ਰੀ ਧਰਮ ਸਭਾ ਹੈ।ਇਸ ਦੇ ਬਾਅਦ ਕੋਈ ਸਭਾ ਜਾਂ ਸੰਮੇਲਨ ਨਹੀਂ ਹੋਏਗਾ। ਇਸੇ ਦੌਰਾਨ ਚਿਤਰਕੂਟ ਧਾਮ ਦੇ ਮਹਾਰਾਜ ਸਵਾਮੀ ਰਾਮ ਭਦਰਾਚਾਰੀਆ ਨੇ ਰਾਮ ਮੰਦਰ ਦੇ ਨਿਰਮਾਣ ਸਬੰਧੀ ਕਿਹਾ ਕਿ 11 ਦਸੰਬਰ ਮਗਰੋਂ ਮੋਦੀ ਸਰਕਾਰ ਇਸ ਬਾਰੇ ਵਡਾ ਫੈਸਲਾ ਲੈ ਸਕਦੀ ਹੈ।ਸਵਾਮੀ ਰਾਮ ਭਦਰਚਾਰੀਆਜੀ ਨੇ ਕਿਹਾ ਕਿ ਕੇਂਦਰ ਸਰਕਾਰ 6 ਦਸੰਬਰ ਨੂੰ ਹੀ ਕੁਝ ਕਰਨਾ ਚਾਹੁੰਦੀ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਕੁਝ ਕੀਤਾ ਨਹੀਂ ਜਾ ਸਕਿਆ।ਮੋਦੀ ਜੀ 11 ਦਸੰਬਰ ਤੋਂ ਬਾਅਦ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਗੇ। ਇਹ ਫੈਸਲਾ ਆਰਡੀਨੈਂਸ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੀਨੀਅਰ ਮੰਤਰੀ ਨੇ ਉਨ੍ਹਾਂ ਨੂੰ ਇਸ ਸਬੰਧੀ ਭਰੋਸਾ ਦਿਵਾਇਆ ਹੈ।ਹਾਲਾਂਕਿ ਉਨ੍ਹਾਂ ਇਸ ਮੰਤਰੀ ਦੇ ਨਾਂ ਦਸਣ ਤੋਂ ਇਨਕਾਰ ਕਰ ਦਿਤਾ।ਸਵਾਮੀ ਨੇ ਕਿਹਾ ਕਿ ਉਨ੍ਹਾਂ 23 ਨਵੰਬਰ ਨੂੰ ਰਾਤੀਂ 8.30 ਵਜੇ 10 ਮਿੰਟ ਤਕ ਮੋਦੀ ਸਰਕਾਰ ਦੇ ਉਕਤ ਸੀਨੀਅਰ ਮੰਤਰੀ ਨਾਲ ਗਲਬਾਤ ਕੀਤੀ ਸੀ। ਮੰਤਰੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸੰਤ ਸਮਾਜ ਨੂੰ ਕਹਿ ਦੇਣ ਕਿ ਇਸ ਮਸਲੇ ‘ਤੇ ਜਲਦ ਹੀ ਕੁਝ ਕੀਤਾ ਜਾਏਗਾ। ਆਰਡੀਨੈਂਸ ਆਏਗਾ ਤੇ ਉਸ ਨੂੰ ਦੋ ਤਿਹਾਈ ਬਹੁਮਤ ਨਾਲ ਪਾਸ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਆਰਐਸਐਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਸਿਆਸੀ ਪਾਰਟੀ ਸ਼ਿਵਸੇਨਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਮੰਦਰ ਦੀ ਉਸਾਰੀ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਮੋਦੀ ਸਰਕਾਰ ਤੋਂ ਕਾਨੂੰਨ ਲਿਆਉਣ ਤੇ ਮੰਦਰ ਦੇ ਨਿਰਮਾਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਚੇਤਾਵਨੀ ਦਿਤੀ ਹੈ ਕਿ ਹਾਲੇ ਸਰਕਾਰ ਮਜ਼ਬੂਤ ਹੈ ਅਤੇ ਜੇ ਮੰਦਰ ਨਾ ਉਸਾਰਿਆ ਗਿਆ ਤਾਂ ਸਰਕਾਰ ਅਗੇ ਨਹੀਂ ਵਧੇਗੀ।

VIA PUNJAB