ਕੇਰਲ ਪੁੱਜਾ ਮੌਨਸੂਨ-ਜ਼ਬਰਦਸਤ ਮੀਂਹ ਦੀ ਸੰਭਾਵਨਾ ਪ੍ਰਗਟ

ਉੱਤਰੀ ਅਤੇ ਮੱਧ ਭਾਰਤ ‘ਚ ਅਗਲੇ ਹਫ਼ਤੇ ਤੱਕ ਹੀਟਵੇਵ ਜਾਰੀ ਰਹਿਣ ਦਾ ਅੰਦਾਜ਼ਾ ਨਵੀਂ ਦਿੱਲੀ – ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਮੁਤਾਬਿਕ ਆਖ਼ਰਕਾਰ ਰਾਹਤ ਦੀਆਂ ਬੂੰਦਾਂ ਲਈ ਮੌਨਸੂਨ ਦੇ ਬੱਦਲ ਕੇਰਲ ਤੱਟ ਨਾਲ ਟਕਰਾ ਗਏ ਹਨ। ਮੌਨਸੂਨ ਨੇ ਅੱਜ ਦੁਪਹਿਰੇ ਕੇਰਲ ਤੱਟ ‘ਤੇ ਦਸਤਕ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਬਾਰਸ਼ ਜਾਰੀ ਹੈ। ਅਗਲੇ 24 ਘੰਟਿਆਂ ‘ਚ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਵੇਗੀ।ਉਂਝ ਕੇਰਲ ‘ਚ ਮੌਨਸੂਨ ਪਹਿਲੀ ਜੂਨ ਤਕ ਪਹੁੰਚਦਾ ਹੈ ਪਰ ਇਸ ਵਾਰੀ ਇਕ ਹਫ਼ਤੇ ਦੀ ਦੇਰ ਹੋਈ ਹੈ। ਮੌਨਸੂਨ ਦੇ ਕੇਰਲ ਪਹੁੰਚਣ ਤੋਂ ਬਾਅਦ 9, 10 ਅਤੇ 11 ਜੂਨ ਨੂੰ ਕੇਰਲ ਦੇ ਤ੍ਰਿਸ਼ੂਰ, ਐਰਨਾਕੁਲਮ, ਮਲੱਪੁਰਮ, ਕੋਝੀਕੋਡ ‘ਚ ਭਾਰੀ ਬਾਰਸ਼ ਹੋ ਸਕਦੀ ਹੈ।ਮੀਡੀਆ ਵਲੋਂ ਜਾਰੀ ਰਿਪੋਰਟਾਂ ਅਨੁਸਾਰ ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਨਾਲ ਹੀ ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਗਲੇ 48 ਘੰਟਿਆਂ ‘ਚ ਮੌਨਸੂਨ ਰਫ਼ਤਾਰ ਫੜ ਸਕਦਾ ਹੈ ਪਰ ਇਸ ਦੇ ਬਾਵਜੂਦ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਜੂਨ ਮਹੀਨੇ ‘ਚ ਔਸਤ ਨਾਲੋਂ ਘੱਟ ਬਾਰਸ਼ ਹੋਣ ਦੀ ਉਮੀਦ ਹੈ। ਵਿਭਾਗ ਮੁਤਾਬਿਕ ਅਗਸਤ ਅਤੇ ਸਤੰਬਰ ‘ਚ ਚੰਗੀ ਬਾਰਸ਼ ਹੋਵੇਗੀ।ਮੌਸਮ ਵਿਭਾਗ ਨੇ ਨਾਗਾਲੈਂਡ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ, ਅਸਾਮ, ਮੇਘਾਲਿਆ ਅਤੇ ਕੇਰਲ ‘ਚ ਅਗਲੇ 72 ਘੰਟਿਆਂ ਦੌਰਾਨ ਜ਼ਬਰਦਸਤ ਬਾਰਸ਼ ਦਾ ਅੰਦਾਜ਼ਾ ਲਗਾਇਆ ਹੈ। ਨਾਲ ਹੀ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਵਗ ਰਹੀ ਲੂ ਤੋਂ ਵੀ ਅਗਲੇ ਕੁਝ ਦਿਨਾਂ ‘ਚ ਰਾਹਤ ਮਿਲਣ ਦੀ ਆਸ ਪ੍ਰਗਟਾਈ ਹੈ।ਕੇਰਲ ‘ਚ ਬਾਰਸ਼ ਨਾਲ ਮੱਧ ਭਾਰਤ ਨੂੰ ਨਹੀਂ ਮਿਲੇਗੀ ਰਾਹਤ- ਇੱਥੇ ਸੰਦੂਕੜੀਆਂ ਦੀ ਥਾਂ ਪਾਣੀ ਦੇ ਡਰੰਮਾਂ ਨੂੰ ਲਾਏ ਜਾਂਦੇ ਨੇ ਤਾਲੇ ਬੇਸ਼ੱਕ ਮੌਨਸੂਨ ਕੇਰਲ ਪਹੁੰਚ ਰਿਹਾ ਹੈ ਪਰ ਇਸ ਨਾਲ ਮੱਧ ਭਾਰਤ ਨੂੰ ਰਾਹਤ ਨਹੀਂ ਮਿਲੇਗੀ ਅਤੇ ਇੱਥੇ ਲੂ ਦੇ ਥਪੇੜੇ ਲਗਦੇ ਰਹਿਣਗੇ।ਮੌਸਮ ਵਿਭਾਗ ਅਨੁਸਾਰ ਉੱਤਰੀ ਅਤੇ ਮੱਧ ਭਾਰਤ ‘ਚ ਅਗਲੇ ਹਫ਼ਤੇ ਤੱਕ ਹੀਟਵੇਵ ਜਾਰੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਸ਼ਨਿਚਰਵਾਰ ਤੋਂ ਲੈ ਕੇ ਮੰਗਲਵਾਰ ਤਕ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਵਿਦਰਭ ‘ਚ ਗੰਭੀਰ ਲੂ ਦੀ ਹਾਲਤ ਬਣੀ ਰਹੇਗੀ।ਹਾਲਾਂਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਸੂਬਿਆਂ ‘ਚ ਪਿਛਲੇ ਦੋ ਦਿਨਾਂ ਤੋਂ ਜਾਰੀ ਨ੍ਹੇਰੀ-ਝਖੜ ਅਤੇ ਗੜੇਮਾਰੀ ਕਾਰਨ ਕੁਝ ਸ਼ਹਿਰਾਂ ਦੇ ਤਾਪਮਾਨ ‘ਚ ਕਮੀ ਆਈ ਹੈ ਪਰ ਇਸ ਤੋਂ ਪੂਰੀ ਰਾਹਤ ਮੌਨਸੂਨ ਦੇ ਆਉਣ ਤੋਂ ਬਾਅਦ ਹੀ ਮਿਲੇਗੀ।

VIA PUNJAB