ਕੈਪਟਨ ਅਮਰਿੰਦਰ ਸਿੰਘ ਵੱਲੋਂ ਟਾਡਾ ਕੈਦੀ ਗੁਰਦੀਪ ਸਿੰਘ ਦੀ ਅਗਾਊਂ ਰਿਹਾਈ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ

ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਜੇਲ ‘ਚ ਤਬਦੀਲ ਕਰਨ ਦੀ ਮੰਗ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਹਿਸ਼ਤਗਰਦ ਗੁਰਦੀਪ ਸਿੰਘ ਖੇੜਾ ਨੂੰ ਉਸ ਦੇ ਚੰਗੇ ਆਚਰਣ ਦੇ ਆਧਾਰ ‘ਤੇ ਅਗਾਊਂ ਰਿਹਾਅ ਕਰਨ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੂੰ ਸ੍ਰੀ ਖੇੜਾ ਦਾ ਕੇਸ ਹਮਦਰਦੀ ਦੇ ਆਧਾਰ ‘ਤੇ ਵਿਚਾਰਨ ਲਈ ਆਖਿਆ ਹੈ। ਸ੍ਰੀ ਖੇੜਾ ਨੂੰ ਸਾਲ 2015 ਵਿੱਚ ਕਰਨਾਟਕਾ ਦੀ ਗੁਲਬਰਗ ਜੇਲ ਤੋਂ ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਤਬਦੀਲ ਕੀਤਾ ਗਿਆ ਸੀ ਜੋ ਇੱਥੇ ਦੂਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਰਦੀਪ ਸਿਘ ਉਰਫ ਦੀਪ ਪੁੱਤਰ ਬੰਤਾ ਸਿੰਘ ਦੇ ਮਾਮਲੇ ਨੂੰ ਵਿਚਾਰਨ ਲਈ ਕਰਨਾਟਕਾ ਦੇ ਜੇਲ ਵਿਭਾਗ ਨੂੰ ਸਲਾਹ ਦੇਣ ਵਾਸਤੇ ਸ੍ਰੀ ਕੁਮਾਰਾਸਵਾਮੀ ਦੇ ਸਹਿਯੋਗ ਦੀ ਮੰਗ ਕੀਤੀ ਹੈ। ਸ੍ਰੀ ਖੇੜਾ ਦਿੱਲੀ ਤੇ ਬਿਦਰ ਬੰਬ ਧਮਾਕਿਆਂ ਦੇ ਮਾਮਲਿਆਂ ਵਿੱਚ ਦੋਸ਼ੀ ਸਿੱਧ ਹੋਣ ਤੋਂ ਬਾਅਦ ਆਈ.ਪੀ.ਸੀ. ਅਤੇ ਟਾਡਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਪਿਛਲੇ 25 ਸਾਲਾਂ ਤੋਂ ਸਜ਼ਾ ਭੁਗਤ ਰਿਹਾ ਹੈ। ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਜ਼ਿਲਾ ਮੈਜਿਸਟ੍ਰੇਟ ਨੇ ਵੀ ਕਰਨਾਟਕਾ ਸਰਕਾਰ ਕੋਲ ਇਸ ਮਾਮਲੇ ਨੂੰ ਉਠਾਇਆ ਸੀ ਜਿਸ ਨੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਧੀਨ ਆਪਣੀ ਅਸਮਰੱਥਾ ਜ਼ਾਹਰ ਕੀਤੀ ਸੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਨੂੰ ਕੇਂਦਰੀ ਜੇਲ ਜੈਪੁਰ ਤੋਂ ਪੰਜਾਬ ਦੀ ਕਿਸੇ ਢੁਕਵੀਂ ਜੇਲ ਵਿੱਚ ਸ਼ਿਫਟ ਕਰਨ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀਮਤੀ ਵਸੁੰਦਰਾ ਰਾਜੇ ਨੂੰ ਵੀ ਪੱਤਰ ਲਿਖਿਆ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਰਾਜਸਥਾਨ ਦੇ ਪੁਲੀਸ ਮੁਖੀ ਨੇ ਇਸ ਸਾਲ ਜੂਨ ਮਹੀਨੇ ਵਿੱਚ ਗ੍ਰਹਿ ਵਿਭਾਗ ਨੂੰ ਆਪਣੀ ਸਿਫਾਰਸ਼ ਪਹਿਲਾਂ ਹੀ ਭੇਜੀ ਹੋਈ ਹੈ ਅਤੇ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ।ਇਹ ਜ਼ਿਕਰਯੋਗ ਹੈ ਕਿ ਇਕ ਸਿੱਖ ਵਫ਼ਦ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਰਾਹੀਂ ਪੰਜਾਬ ਸਰਕਾਰ ਕੋਲ ਪਹੁੰਚ ਕਰਕੇ ਇਹ ਮਾਮਲਾ ਰਾਜਸਥਾਨ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ ਸੀ।

VIA PUNJAB