ਕੈਪਟਨ ਵੱਲੋਂ ਰੇਲ ਹਾਦਸੇ ਦੇ ਪੀੜਤਾਂ ਦਾ ਸਮਾਜਿਕ-ਆਰਥਿਕ ਬਿਓਰਾ ਤਿਆਰ ਕਰਨ ਦੇ ਹੁਕਮ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਜਾਰੀ ਕੀਤੀਆਂ ਹਦਾਇਤਾਂ

ਚੰਡੀਗੜ੍ਹ – ਰੇਲ ਹਾਦਸੇ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਛੇਤੀ ਅਤੇ ਲੋੜ ਅਧਾਰਿਤ ਹਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਹਰੇਕ ਪੀੜਤ ਦਾ ਸਮਾਜਿਕ-ਆਰਥਿਕ ਬਿਓਰਾ ਵਿਸਥਾਰ ਵਿਚ ਤਿਆਰ ਕਰਨ ਦੇ ਹੁਕਮ ਦਿਤੇ ਹਨ। ਮੁਖ ਮੰਤਰੀ ਨੇ ਬੀਤੇ ਦਿਨ ਜਦੋਂ ਹਸਪਤਾਲਾਂ ਵਿਚ ਜਾ ਕੇ ਜ਼ਖਮੀਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਸੀ ਤਾਂ ਇਨ੍ਹਾਂ ਵਿਚ ਦੋ ਨੌਜਵਾਨ ਲੜਕੀਆਂ ਜਿਨ੍ਹਾਂ ਨੇ ਆਪਣੇ ਬਚਿਆਂ ਤੇ ਪਤੀਆਂ ਸਮੇਤ ਸਮੁਚੇ ਪਰਿਵਾਰਾਂ ਨੂੰ ਇਸ ਹਾਦਸੇ ਵਿਚ ਗੁਆ ਲਿਆ ਅਤੇ ਇਨ੍ਹਾਂ ਵਿਚੋਂ ਇਕ ਦਾ ਤਾਂ ਸਹੁਰਾ ਪਰਿਵਾਰ ਵੀ ਸੀ। ਇਨ੍ਹਾਂ ਪੀੜਤਾਂ ਦੀ ਦਸ਼ਾ ‘ਤੇ ਦੁਖ ਜ਼ਾਹਰ ਕਰਦਿਆਂ ਮੁਖ ਮੰਤਰੀ ਨੇ ਉਸ ਮੌਕੇ ਆਪਣੇ ਮੁਖ ਪ੍ਰਮੁਖ ਸਕਤਰ ਸੁਰੇਸ਼ ਕੁਮਾਰ ਨੂੰ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਖਾਸ ਕਰਕੇ ਗਰੀਬ ਲੋਕਾਂ ਨੂੰ ਸਿਰਫ 5-5 ਲਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਵੀ ਵਧ ਸਹਾਇਤਾ ਕਰੇਗੀ।ਮੁਖ ਮੰਤਰੀ ਨੇ ਆਪਣੇ ਮੁਖ ਪ੍ਰਮੁਖ ਸਕਤਰ ਨੂੰ ਸਪਸ਼ਟ ਕੀਤਾ ਕਿ ਇਸ ਲਈ ਢੁਕਵੀਂ ਪ੍ਰਣਾਲੀ ਅਪਣਾਈ ਜਾਵੇ ਤਾਂ ਕਿ ਸੂਬਾ ਸਰਕਾਰ ਵਲੋਂ ਮੁੜ ਵਸੇਬੇ ਦੇ ਕਾਰਜ ਛੇਤੀ ਤੋਂ ਛੇਤੀ ਨੇਪਰੇ ਚਾੜੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਵਿਚ ਕੋਈ ਕਸਰ ਬਾਕੀ ਨਾ ਰਹੇ। ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪੂਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਐਤਵਾਰ ਨੂੰ ਮੁਖ ਮੰਤਰੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਆਦੇਸ਼ ਦਿਤੇ ਕਿ ਪੀੜਤਾਂ ਦਾ ਸਮਾਜਿਕ-ਆਰਥਿਤ ਬਿਓਰਾ ਵਿਸਥਾਰ ਵਿਚ ਤਿਆਰ ਕੀਤਾ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿਤੇ ਕਿ ਪੀੜਤਾਂ ਨੂੰ ਰਾਸ਼ਨ, ਕਪੜੇ, ਦਵਾਈਆਂ ਆਦਿ ਹਰ ਤਰ੍ਹਾਂ ਦੀ ਲੋੜੀਂਦੀ ਸਮਗਰੀ ਮੁਹਈਆ ਕਰਵਾਈ ਜਾਵੇ ਕਿਉਂਕਿ ਪੀੜਤਾਂ ਵਿਚ ਬਹੁਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨਾਲ ਸਬੰਧਤ ਹਨ।ਮੁਖ ਮੰਤਰੀ ਨੇ ਸਿਹਤ ਮੰਤਰੀ ਦੀ ਅਗਵਾਈ ਹੇਠ ਤਿੰਨ ਕੈਬਨਿਟ ਮੰਤਰੀਆਂ ਦੇ ਬਣਾਏ ਸੰਕਟ ਪ੍ਰਬੰਧਨ ਗਰੁਪ ਨਾਲ ਰਾਹਤ ਅਤੇ ਮੁੜ ਵਸੇਬਾ ਕੰਮਾਂ ਦਾ ਜਾਇਜ਼ਾ ਵੀ ਲਿਆ ਅਤੇ ਇਹ ਵੀ ਨਿਰਦੇਸ਼ ਦਿਤੇ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਰਾਸ਼ੀ ਵੰਡਣ ਲਈ ਫੌਰੀ ਕਦਮ ਚੁਕੇ ਜਾਣ।ਮੁਖ ਮੰਤਰੀ ਨੇ ਸੰਕਟ ਪ੍ਰਬੰਧਨ ਗਰੁਪ ਨੂੰ ਕਿਹਾ ਕਿ ਜ਼ਖਮੀਆਂ ਅਤੇ ਪੀੜਤਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਜ਼ਰੂਰੀ ਕਦਮ ਚੁਕੇ ਜਾਣ।ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀਆਂ ਦਾ ਇਹ ਸੰਕਟ ਪ੍ਰਬੰਧਨ ਗਰੁਪ ਮੁਖ ਮੰਤਰੀ ਵਲੋਂ ਸ਼ੁਕਰਵਾਰ ਰਾਤ ਨੂੰ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਤੁਰੰਤ ਬਣਾਇਆ ਗਿਆ ਸੀ ਤਾਂ ਜੋ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇ।

VIA PUNJAB