ਗਡਵਾਸੂ ਨੇ ਦੇਸ਼ ਵਿੱਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ : ਬਲਬੀਰ ਸਿੰਘ ਸਿੱਧੂ

ਪਿਛਲੇ ਸਾਲ ਦੇ 9ਵੇਂ ਸਥਾਨ ਤੋਂ ਛਾਲ ਮਾਰ ਕੇ ਯੂਨੀਵਰਸਿਟੀ 2018-19 ਵਿੱਚ ਤੀਜੇ ਸਥਾਨ ‘ਤੇ ਹੋਈ ਕਾਬਜ਼
ਚੰਡੀਗੜ੍ – ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਸਾਰੀਆਂ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਤੀਜੇ ਸਥਾਨ ‘ਤੇ ਕਾਬਜ਼ ਰਹੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਉੱਚ ਸੰਸਥਾ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਰਂੈਕਿੰਗ ਸੂਚੀ ਜਾਰੀ ਕੀਤੀ ਹੈ। ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਇਸ ਰੈਂਕਿੰਗ ਵਿੱਚ 9ਵਾਂ ਸਥਾਨ ਹਾਸਲ ਕੀਤਾ ਸੀ, ਇਸ ਲਈ ਮਾਣ ਵਾਲੀ ਗੱਲ ਹੈ ਕਿ ਇੰਨੇ ਘੱਟ ਸਮੇਂ ਵਿੱਚ ਇਸ ਦੀ ਰੈਂਕਿੰਗ ਵਿੱਚ ਸ਼ਾਨਦਾਰ ਸੁਧਾਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਗਡਵਾਸੂ, ਲੁਧਿਆਣਾ ਨੇ ਕੌਮੀ ਖੇਤੀਬਾੜੀ ਖੋਜ ਪ੍ਰਣਾਲੀ (ਐਨ.ਏ.ਆਰ.ਐਸ.) ਤਹਿਤ ਸਾਰੀਆਂ ਸਬੰਧਤ ਸੰਸਥਾਵਾਂ ਵਿਚੋਂ ਤੀਜਾ ਸਥਾਨ ਅਤੇ ਆਈ.ਸੀ.ਏ.ਆਰ. ਰੈਂਕਿੰਗ ਵਿੱਚ ਸਮੂਹ ਭਾਰਤ ਰਾਜ ਖੇਤੀਬਾੜੀ/ਵੈਟਰਨਰੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਸਥਾਨ ‘ਤੇ ਕਾਬਜ਼ ਰਹੀ ਹੈ। ਆਪਣੇ ਸੰਦੇਸ਼ ਵਿੱਚ ਮੰਤਰੀ ਨੇ ਅੱਗੇ ਆਖਿਆ ਕਿ ਇਹ ਯੂਨੀਵਰਸਿਟੀ ਵੱਲੋਂ ਰਾਜ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਅਤੇ ਕਾਮਿਆਂ ਨੂੰ ਕੌਮਾਂਤਰੀ ਪੱਧਰ ਉੱਤੇ ਮੁਕਾਬਲੇ ਵਿੱਚ ਖੜ੍ਹਨ ਦੇ ਯੋਗ ਬਣਾਉਣ ਦੀ ਦਿਸ਼ਾ ਵਿੱਚ ਪਾਏ ਯੋਗਦਾਨ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਿਨ ਰਾਤ ਕਾਰਜ ਕਰ ਰਹੀ ਹੈ, ਜਿਸ ਨੇ ਉਤਪਾਦਨ, ਪਸ਼ੂ ਸਿਹਤ ਅਤੇ ਸੂਬੇ ਦੀ ਪਸ਼ੂ ਪਾਲਣ ਅਤੇ ਮੱਛੀ ਪਾਲਣ ਆਮਦਨੀ ਵਿੱਚ ਕਾਫ਼ੀ ਸੁਧਾਰ ਲਿਆਂਦਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਗਡਵਾਸੂ ਨੇ ਪਸ਼ੂ ਸਿਹਤ ਪ੍ਰਬੰਧਨ, ਪਸ਼ੂ ਆਹਾਰ ਅਤੇ ਹੋਰ ਕਈ ਪੱਖਾਂ ‘ਤੇ ਆਧੁਨਿਕ ਅਧਾਰਤ ਤਕਨਾਲੋਜੀਆਂ ਨੂੰ ਵਿਕਸਿਤ ਕੀਤਾ ਹੈ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ.) ਨੇ ਸੂਬੇ ਦੀਆਂ ਸਾਰੀਆਂ ਖੇਤੀਬਾੜੀ, ਬਾਗਬਾਨੀ, ਵੈਟਰਨਰੀ ਤੇ ਐਨੀਮਲ ਸਾਇੰਸਜ਼, ਮੱਛੀ ਪਾਲਣ ਅਤੇ ਆਈ.ਸੀ.ਏ.ਆਰ. ਡੀਮਡ ਯੂਨੀਵਰਸਿਟੀਆਂ ਦੀ ਰਾਸ਼ਟਰੀ ਪਹਿਲਕਦਮੀਆਂ ਦੀ ਤਰਜ਼ ‘ਤੇ ਰੈਂਕਿੰਗ ਲਈ ਇੱਕ ਢਾਂਚਾ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਰਜਾਬੰਦੀ ਮਾਪਦੰਡਾਂ ਵਿੱਚ ਮੋਟੇ ਤੌਰ ‘ਤੇ ਸਿਖਲਾਈ, ਖੋਜ ਅਤੇ ਵਿਸਥਾਰਤ ਪਹੁੰਚ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਵਿਦਿਆਰਥੀਆਂ ਦੀ ਕੌਮੀ ਪੱਧਰ ‘ਤੇ ਅਕਾਦਮਿਕ ਅਤੇ ਖੇਡ ਕਾਰਗੁਜ਼ਾਰੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੁਰਸਕਾਰ/ਫੈਲੋਸ਼ਿਪਜ਼, ਮੋਹਰੀ ਰਸਾਲਿਆਂ ਵਿੱਚ ਖੋਜ ਪ੍ਰਕਾਸ਼ਨ, ਵਿਦੇਸ਼ੀ ਖੋਜ ਪ੍ਰੋਜੈਕਟਸ/ਫੰਡਿੰਗ, ਅੰਤਰ-ਰਾਸ਼ਟਰੀ ਸਿਖਲਾਈ ਆਦਿ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸਦਾ ਮੁੱਖ ਮੰਤਵ ਵਿਸ਼ਵ ਯੂਨੀਵਰਸਿਟੀ ਮੰਚ ਉੱਤੇ ਭਾਰਤੀ ਯੂਨੀਵਰਸਿਟੀਆਂ ਦੇ ਮਿਆਰ ਨੂੰ ਸੁਧਾਰਨਾ ਹੈ।

VIA PUNJAB