ਗੁਰਦੁਆਰਿਆਂ ‘ਚ ਮੁੜ ਮਹੰਤਾਂ ਨੂੰ ਵਾੜਣ ਤੇ ਸਿੱਖਾਂ ‘ਚ ਖਾਨਾਜੰਗੀ ਕਰਵਾਉਣ ਲਈ ਕੇਂਦਰ ਸਰਕਾਰ ਅੰਗਰੇਜ਼ਾਂ ਨਾਲੋਂ ਵੀ ਘਟੀਆ ਹਥਕੰਡਿਆਂ ‘ਤੇ ਉਤਰੀ- ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ

ਹਰਿਆਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ‘ਚ ਸਰਕਾਰੀ ਦਖਲ ਨਾਲ ਹਰਿਆਣਾ ਕਮੇਟੀ ਵਲੋਂ ਕੀਤੇ ਕਬਜ਼ੇ ਦੀ ਦਮਦਮੀ ਟਕਸਾਲ ਮੁਖੀ ਵਲੋਂ ਸਖਤ ਨਿਖੇਧੀ
ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਤਲਵਿੰਦਰ ਸਿੰਘ ਬੁੱਟਰ)
ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਬੀਤੇ ਕੱਲ੍ਹ ਹਰਿਆਣਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਕੁਰੂਕਸ਼ੇਤਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਕਾਰ ਦੀ ਸ਼ਹਿ ਤੇ ਪੁਲਿਸ ਦੀ ਮਦਦ ਨਾਲ ਕਬਜ਼ਾ ਕਰਨ ਲਈ ਕੀਤੀ ਗਈ ਬੇਅਦਬੀ ਅਤੇ ਗੋਲਕਾਂ ਦੇ ਜਿੰਦਰੇ ਤੋੜਣ ਦੀ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਸਿੱਖਾਂ ਵਿਚ ਆਪਸੀ ਖਾਨਾਜੰਗੀ ਕਰਵਾਉਣ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਮੁੜ ਮਹੰਤਾਂ ਦੇ ਹੱਥ ਦੇਣ ਲਈ ਅੰਗਰੇਜ਼ ਹਕੂਮਤ ਤੋਂ ਵੀ ਘਟੀਆ ਹਥਕੰਡਿਆਂ ‘ਤੇ ਉਤਾਰੂ ਹੋ ਗਈ ਹੈ।
ਦਮਦਮੀ ਟਕਸਾਲ ਮੁਖੀ ਨੇ ਜਾਰੀ ਕੀਤੇ ਇਕ ਪ੍ਰੈੱਸ ਬਿਆਨ ਵਿਚ ਆਖਿਆ ਹੈ ਕਿ ਸਿੱਖਾਂ ਨੇ ਬੜੀਆਂ ਅਸਹਿ ਤੇ ਅਕਹਿ ਕੁਰਬਾਨੀਆਂ ਦੇ ਕੇ ਆਪਣੇ ਪਾਵਨ ਗੁਰਧਾਮਾਂ ਵਿਚੋਂ ਅੰਗਰੇਜ਼ਾਂ ਦੇ ਵਾੜੇ ਮਹੰਤਾਂ ਨੂੰ ਕੱਢ ਕੇ ਗੁਰਦੁਆਰਾ ਪ੍ਰਬੰਧ ਨੂੰ ਇਕ ਕੇਂਦਰੀ ਤੇ ਗੁਰਮਤਿ ਅਨੁਸਾਰੀ ਵਿਧੀ-ਵਿਧਾਨ ਹਵਾਲੇ ਕੀਤਾ ਸੀ ਪਰ ਅੱਜ ਦੀਆਂ ਭਾਰਤੀ ਕੇਂਦਰੀ ਸਰਕਾਰਾਂ ਸਿੱਖਾਂ ਦੀ ਤਾਕਤ ਨੂੰ ਖੇਰੂੰ-ਖੇਰੂੰ ਕਰਨ ਦੀ ਨੀਅਤ ਨਾਲ ਸਿੱਖਾਂ ਦੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਬਜਿੱਦ ਹਨ ਅਤੇ ਇਸੇ ਨੀਅਤ ਨਾਲ ਸਿੱਖਾਂ ਵਿਚ ਖਾਨਾਜੰਗੀ ਕਰਵਾਉਣ ਦੇ ਯਤਨਾਂ ਤਹਿਤ ਬੀਤੇ ਕੱਲ੍ਹ ਹਰਿਆਣਾ ਵਿਚ ਗੁਰਦੁਆਰਿਆਂ ‘ਤੇ ਹਰਿਆਣਾ ਕਮੇਟੀ ਦੇ ਕਬਜ਼ੇ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖਾਂ ਵਿਚ ਖਾਨਾਜੰਗੀ ਕਰਵਾਉਣਾ ਚਾਹੁੰਦੀ ਹੈ ਜਿਸ ਤੋਂ ਸਿੱਖਾਂ ਨੂੰ ਸਮਾਂ ਰਹਿੰਦੇ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸਿੱਖਾਂ ਨੂੰ ਹੀ ਸਿੱਖਾਂ ਦੇ ਸਾਹਮਣੇ ਖੜ੍ਹੇ ਕਰਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਕੁਰੂਕਸ਼ੇਤਰ ਵਿਖੇ ਗੁਰਦੁਆਰਾ ਸਾਹਿਬ ਦੀ ਪਾਵਨ ਮਰਿਆਦਾ ਭੰਗ ਕਰਦਿਆਂ ਗੋਲਕਾਂ ਦੇ ਜਿੰਦਰੇ ਭੰਨ੍ਹੇ ਗਏ ਅਤੇ ਸਰਕਾਰ ਦੀ ਸ਼ਹਿ ਨਾਲ ਬਣੀ ਹਰਿਆਣਾ ਕਮੇਟੀ ਦਾ ਕਬਜ਼ਾ ਕਰਵਾਇਆ ਗਿਆ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਭਾਰਤੀ ਪਾਰਲੀਮੈਂਟ ਦੇ ਸਿੱਖ ਗੁਰਦੁਆਰਾ ਐਕਟ-1925 ਤਹਿਤ ਹੀ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੀ ਹੈ ਅਤੇ ਹੁਣੇ ਬਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਾਲੇ ਗੁਰਦੁਆਰਿਆਂ ‘ਤੇ ਕਬਜ਼ਾ ਕਰਕੇ ਪਾਰਲੀਮੈਂਟ ਦੇ ਐਕਟ ਦੀ ਵੀ ਉਲੰਘਣਾ ਕੀਤੀ ਹੈ। ਉਨ੍ਹਾਂ ਸਮਾਂ ਰਹਿੰਦਿਆਂ ਪੰਥ ਨੂੰ ਵੀ ਸੰਘਰਸ਼ ਦੇ ਰਾਹੇ ਪੈਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਦਾ ਮੂੰਹ ਭੰਨਿਆ ਜਾ ਸਕੇ। ਉਨ੍ਹਾਂ ਸਖਤ ਚਿਤਾਵਨੀ ਭਰੇ ਲਹਿਜ਼ੇ ਵਿਚ ਚਿਤਾਵਨੀ ਦਿੰਦਿਆਂ ਆਖਿਆ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਤੋਂ ਸਰਕਾਰਾਂ ਬਾਜ਼ ਆ ਜਾਣ, ਕਿਉਂਕਿ ਅਤੀਤ ਵਿਚ ਵੀ ਦੇਸ਼ ਦੀਆਂ ਸਰਕਾਰਾਂ ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਕੇ ਖਤਰਨਾਕ ਨਤੀਜੇ ਵੇਖੇ ਜਾ ਚੁੱਕੇ ਹਨ।

VIA PUNJAB