ਘੱਗਰ ਕਾਰਨ ਆਉਂਦੇ ਹੜਾਂ ਦਾ ਕਾਂਗਰਸ ਸਰਕਾਰ ਕਰੇਗੀ ਪੱਕਾ ਹੱਲ: ਸਰਕਾਰੀਆ

ਜਲ ਸਰੋਤ ਮੰਤਰੀ ਵੱਲੋਂ ਘੱਗਰ ਦੀ ਮਾਰ ਝੱਲ ਰਹੇ ਸੰਗਰੂਰ ਤੇ ਪਟਿਆਲਾ ਜ਼ਿਲਿਆਂ ਦੇ ਪਿੰਡਾਂ ਦਾ ਦੌਰਾ

ਚੰਡੀਗੜ – ਬਰਸਾਤਾਂ ਦੇ ਮੌਸਮ ਵਿੱਚ ਘੱਗਰ ਦਰਿਆ ਵੱਲੋਂ ਕੀਤੀ ਜਾਂਦੇ ਨੁਕਸਾਨ ਦਾ ਪੱਕਾ ਹੱਲ ਕਾਂਗਰਸ ਸਰਕਾਰ ਵੱਲੋਂ ਜਲਦੀ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਸੰਗਰੂਰ ਅਤੇ ਪਟਿਆਲਾ ਜ਼ਿਲੇ ਦੇ ਹੜ ਪ੍ਰਭਾਵਿਤ ਪਿੰਡਾਂ ਦੇ ਦੌਰੇ ਅਤੇ ਰਾਹਤ ਕਾਰਜਾਂ ਦੇ ਜਾਇਜ਼ੇ ਦੌਰਾਨ ਕੀਤਾ ਗਿਆ।ਦੋ-ਰੋਜ਼ਾ ਪੰਜਾਬ ਦੌਰੇ ਦੇ ਅੱਜ ਆਖਰੀ ਦਿਨ ਸ੍ਰੀ ਸਰਕਾਰੀਆ ਵੱਲੋਂ ਸੰਗਰੂਰ ਜ਼ਿਲੇ ਦੇ ਪਿੰਡ ਫੂਲਦ, ਜਿਥੇ ਘੱਗਰ ਵਿੱਚ ਪਾੜ ਪੈਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਅਤੇ ਖਨੌਰੀ ਤੋਂ ਇਲਾਵਾ ਪਟਿਆਲਾ ਜ਼ਿਲੇ ਦੇ ਪਿੰਡ ਬਾਦਸ਼ਾਹਪੁਰ ਅਤੇ ਸਿਰਕਪੜਾ ਦਾ ਦੌਰਾ ਕੀਤਾ ਗਿਆ। ਉਨਾਂ ਕਿਹਾ ਕਿ ਘੱਗਰ ਵੱਲੋਂ ਕੀਤੇ ਜਾਂਦੇ ਨੁਕਸਾਨ ਦੇ ਹੱਲ ਲਈ ਪਿਛਲੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਬਲਕਿ ਮਹਿਜ਼ ਬਿਆਨਬਾਜ਼ੀ ਹੀ ਕੀਤੀ ਗਈ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਦੇ ਪੱਕੇ ਹੱਲ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਇਸ ਵਾਰ ਸਾਲ ਦੀ ਸ਼ੁਰੂਆਤ ਵਿੱਚ ਹੀ ਹੜ ਰੋਕੂ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ ਸੀ, ਜੋ ਕਿ ਪਹਿਲਾਂ ਬਰਸਾਤਾਂ ਦੇ ਮੌਸਮ ਵਿੱਚ ਹੁੰਦੀ ਸੀ, ਜਿਸ ਸਦਕਾ ਇਸ ਵਾਰ ਸੂਬੇ ਵਿੱਚ 15 ਤੋਂ 17 ਜੁਲਾਈ ਦਰਮਿਆਨ ਰਿਕਾਰਡ ਭਾਰੀ ਮੀਂਹ ਪੈਣ ਦੇ ਬਾਵਜੂਦ ਪਿਛਲੇ ਸਾਲਾਂ ਨਾਲੋਂ ਘੱਟ ਨੁਕਸਾਨ ਹੋਇਆ ਹੈ ਕਿਉਂਕਿ ਸਾਰੇ ਪ੍ਰਬੰਧ ਸਮੇਂ ਸਿਰ ਕਰ ਲਏ ਸਨ। ਦੱਸਣਯੋਗ ਹੈ ਕਿ ਕੱਲ ਉਨਾਂ ਵੱਲੋਂ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਨਿਰੀਖਣ ਤੋਂ ਬਾਅਦ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲਿਆਂ ਵਿੱਚੋਂ ਲੰਘਦੀਆਂ ਡਰੇਨਾਂ ਦਾ ਜਾਇਜ਼ਾ ਵੀ ਲਿਆ ਗਿਆ ਸੀ। ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਕੋਈ ਕਸਰ ਨਾ ਛੱਡਣ ਦਾ ਆਦੇਸ਼ ਦਿੰਦਿਆਂ ਜਲ ਸਰੋਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਾਈ ਜਾ ਰਹੀ ਹੈ ਅਤੇ ਨਿਯਮਾਂ ਮੁਤਾਬਕ ਪੀੜਤਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੌਰੇ ਦੌਰਾਨ ਉਨਾਂ ਨਾਲ ਮੁੱਖ ਇੰਜਨੀਅਰ (ਨਹਿਰਾਂ) ਸ੍ਰੀ ਜਗਮੋਹਨ ਸਿੰਘ ਮਾਨ, ਮੁੱਖ ਇੰਜਨੀਅਰ (ਡਰੇਨੇਜ) ਸ੍ਰੀ ਸੰਜੀਵ ਕੁਮਾਰ ਗੁਪਤਾ ਅਤੇ ਸਬੰਧਤ ਸੁਪਰਡੈਂਟ ਇੰਜਨੀਅਰ ਅਤੇ ਜਲ ਸਰੋਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

VIA PUNJAB