ਚਮਕੀ ਬੁਖਾਰ ਤੇ ਸੁਪਰੀਮ ਕੋਰਟ ਸਖਤ, ਕੇਂਦਰ ਵਲੋਂ ਬਿਹਾਰ ਸਰਕਾਰ ਤੋਂ 7 ਦਿਨਾਂ ਅੰਦਰ ਮੰਗਿਆ ਜਵਾਬ

ਨਵੀਂ ਦਿੱਲੀ – ਬਿਹਾਰ ਵਿੱਚ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ| ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਬੱਚਿਆਂ ਦੀ ਮੌਤ ਤੇ ਜਵਾਬ ਮੰਗਿਆ ਹੈ| ਕੋਰਟ ਨੇ ਬੁਖਾਰ ਦੀ ਰੋਕਥਾਮ ਲਈ ਉਪਾਅ ਅਤੇ ਸੰਬੰਧਤ ਪ੍ਰੋਗਰਾਮਾਂ ਬਾਰੇ ਰਾਜ ਸਰਕਾਰ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰ ਕੇ ਜਵਾਬ ਦੇਣ ਦਾ ਵੀ ਨਿਰਦੇਸ਼ ਦਿੱਤਾ| ਸੁਪਰੀਮ ਕੋਰਟ ਨੇ ਬਿਹਾਰ, ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ 7 ਦਿਨਾਂ ਦੀ ਸਮੇਂ-ਹੱਦ ਵਿੱਚ ਆਪਣਾ ਜਵਾਬ ਹਲਫਨਾਮਾ ਦਾਇਰ ਕਰ ਕੇ ਦਾਖਲ ਕਰਨ ਦਾ ਨਿਰਦੇਸ਼ ਦਿੱਤਾ| ਕੋਰਟ ਨੇ ਰਾਜਾਂ ਅਤੇ ਕੇਂਦਰ ਸਰਕਾਰ ਨੂੰ ਚਮਕੀ ਬੁਖਾਰ ਨਾਲ ਪੀੜਤ ਬੱਚਿਆਂ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ, ਹਸਪਤਾਲਾਂ ਦੀ ਵਿਵਸਥਾ, ਪੋਸ਼ਣ ਅਤੇ ਸਾਫ-ਸਫਾਈ ਤੇ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ|ਕੋਰਟ ਨੇ ਬੱਚਿਆਂ ਦੀ ਮੌਤ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਸਖਤ ਟਿੱਪਣੀ ਕੀਤੀ| ਕੋਰਟ ਨੇ ਕਿਹਾ, ”ਬੱਚਿਆਂ ਦੀ ਮੌਤ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਨਹੀਂ ਰਹਿਣ ਦਿੱਤਾ ਜਾ ਸਕਦਾ| ਸਰਕਾਰਾਂ ਨੂੰ ਇਸ ਬਾਰੇ ਸਾਨੂੰ ਜਵਾਬ ਦੇਣਾ ਹੀ ਹੋਵੇਗਾ| ਬੀਮਾਰੀ ਦੀ ਰੋਕਥਾਮ ਲਈ ਕੀ ਕੋਸ਼ਿਸ਼ਾਂ ਹੋਈਆਂ ਅਤੇ ਕਿਹੜੇ ਸੁਰੱਖਿਆ ਕਦਮ ਚੁੱਕੇ ਗਏ ਹਨ, ਇਹ ਹਲਫ਼ਨਾਮਾ ਦਾਇਰ ਕਰ ਕੇ ਸਾਨੂੰ ਕੇਂਦਰ, ਬਿਹਾਰ ਅਤੇ ਰਾਜ ਸਰਕਾਰ ਦੱਸਣ|” ਕੋਰਟ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਬੁਖਾਰ ਦੀ ਰੋਕਥਾਮ ਲਈ ਦਵਾਈਆਂ ਦੀ ਉਪਲੱਬਧਤਾ ਤੇ ਵੀ ਆਪਣਾ ਜਵਾਬ ਦਾਖਲ ਕਰੇ| ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਜ਼ਫਰਪੁਰ ਵਿੱਚ ਹੁਣ ਤੱਕ ਚਮਕੀ ਬੁਖਾਰ ਨਾਲ 130 ਤੋਂ ਵਧ ਬੱਚਿਆਂ ਦੀ ਮੌਤ ਹੋ ਚੁਕੀ ਹੈ| ਜ਼ਿਆਦਾਤਰ ਬੱਚੇ ਬੇਹੱਦ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੇ ਹਨ| ਬੱਚਿਆਂ ਦੀ ਮੌਤ ਦਾ ਕਾਰਨ ਬਿਹਾਰ ਵਿੱਚ ਨਿਤੀਸ਼ ਸਰਕਾਰ ਤੇ ਵਿਰੋਧੀ ਦਲ ਨਿਸ਼ਾਨਾ ਸਾਧ ਰਹੇ ਹਨ| ਬਿਹਾਰ ਸਰਕਾਰ ਦਾ ਕਹਿਣਾ ਹੈ ਕਿ ਇਸ ਲਈ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ|

VIA PUNJAB