ਚੋਣਾਂ ਨੇੜੇ ਕਾਂਗਰਸੀਆਂ ਨੂੰ ਚੇਤੇ ਆਉਂਦੇ ਨੇ ਮੰਦਿਰ

ਜੈਪੁਰ – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਕਾਂਗਰਸ ਦੇ ਆਗੂ ਮੰਦਰਾਂ ਵਿਚ ਜਾਣਾ ਸ਼ੁਰੂ ਕਰ ਦਿੰਦੇ ਹਨ, ਜਦੋਂ ਕਿ ਭਾਜਪਾ ਲਈ ਇਹ ਉਸ ਦੀ ਜੀਵਨਜਾਂਚ ਦਾ ਅਨਿੱਖੜਵਾਂ ਹਿੱਸਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਉੱਤੇ ਦੋਸ਼ ਲਾਇਆ ਕਿ ਕਾਂਗਰਸ ਨੇ ਰਾਜਨੀਤੀ ਵਿਚ ਬੇਭਰੋਸਗੀ ਪੈਦਾ ਕੀਤੀ ਹੈ ਅਤੇ ਇਸ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਹੈ। ਮੰਦਰ ਅਤੇ ਗਊ ਕਾਂਗਰਸ ਦੇ ਲਈ ਰਾਜਨੀਤਕ ਸਟੰਟ ਹੋ ਸਕਦੇ ਹਨ ਪਰ ਭਾਜਪਾ ਲਈ ਇਹ ਚੋਣ ਮੁੱਦਾ ਨਹੀਂ ਹਨ। ਦੇਸ਼ ਅਤੇ ਇਸ ਦੀਆਂ ਸਰਹੱਦਾਂ ਸੁਰੱਖਿਅਤ ਹਨ। ਅਤਿਵਾਦ ਘਟਿਆ ਹੈ। ਦੇਸ਼ ਵਿਚ ਆਉਣ ਵਾਲੇ ਸਾਲਾਂ ਵਿਚ ਨਕਸਲਵਾਦ ਦੀ ਸਮੱਸਿਆ ਖਤਮ ਹੋ ਜਾਵੇਗੀ। ਨਕਸਲਵਾਦ ਨਾਲ ਸਬੰਧਤ ਵਾਰਦਾਤਾਂ ਵਿਚ ਪੰਜਾਹ ਤੋਂ ਸੱਠ ਫੀਸਦ ਤੱਕ ਕਮੀ ਆਈ ਹੈ। ਇਹ 90 ਜ਼ਿਲ੍ਹਿਆਂ ਵਿਚੋਂ ਘਟ ਕੇ ਅੱਠ ਨੌ ਜ਼ਿਲ੍ਹਿਆਂ ਤੱਕ ਰਹਿ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਵਿਚ ਅਤਿਵਾਦ ਦੀ ਕੋਈ ਵੱਡੀ ਵਾਰਦਾਤ ਨਹੀਂ ਹੋਈ। ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਾਅਵੇ ਕਿ ਸਰਜੀਕਲ ਸਟਰਾਈਕਸ ਯੂਪੀਏ ਦੇ ਕਾਰਜਕਾਲ ਦੌਰਾਨ ਵੀ ਕੀਤੀਆਂ ਗਈਆਂ ਸਨ, ਬਾਰੇ ਕਿਹਾ ਕਿ ਉਹ ਦੱਸਣ ਕਿ ਇਨ੍ਹਾਂ ਨੂੰ ਗੁਪਤ ਕਿਉਂ ਰੱਖਿਆ ਗਿਆ ਹੈ। ਸੰਸਦ ਮੈਂਬਰ ਅਸਦੂਦੀਨ ਓਵੈਸੀ ਦੀ ਟਿੱਪਣੀ ਕਿ ਅੱਲਾ ਮੋਦੀ ਅਤੇ ਰਾਹੁਲ ਗਾਂਧੀ ਨੂੰ ਹਰਾਏਗਾ, ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਧਰਮ ਦੇ ਨਾਲ ਜਾਂ ਭਗਵਾਨ ਵਿਰੁੱਧ ਚੋਣ ਨਹੀਂ ਲੜ ਰਹੇ।

VIA PUNJAB