ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ’ਤੇ ਆਵਾਜਾਈ ਬੰਦ

ਜੰਮੂ – ਜੰਮੂ ਕਸ਼ਮੀਰ ਦੇ ਜ਼ਿਲ੍ਹਾ ਊਧਮਪੁਰ ਵਿੱਚ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਲੜਕੇ ਦੀ ਮੌਤ ਗਈ ਤੇ ਇੱਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਸ੍ਰੀਨਗਰ-ਜੰਮੂ ਕੌਮੀ ਹਾਈਵੇਅ ’ਤੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਇਹਤਿਆਤ ਵਜੋਂ ਅਮਰਨਾਥ ਯਾਤਰਾ ਵੀ ਰੋਕ ਦਿੱਤੀ ਗਈ ਹੈ। ਊਧਮਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਬੀਤੀ ਦੇਰ ਰਾਤ ਵੱਖ-ਵੱਖ ਥਾਈਂ ਦੋ ਮਕਾਨ ਢਹਿ-ਢੇਰੀ ਹੋ ਗਏ, ਜਿਸ ਕਾਰਨ ਅੱਠ ਸਾਲ ਦੇ ਲੜਕੇ ਪਵਨ ਕੁਮਾਰ ਦੀ ਮੌਤ ਹੋ ਗਈ ਅਤੇ 13 ਵਰ੍ਹਿਆਂ ਦੀ ਲੜਕੀ ਸੁਨੀਤਾ ਜ਼ਖ਼ਮੀ ਹੋ ਗਈ। ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਨੇੜੇ ਬੱਲੀ ਨਾਲਾ ਦੇ ਮੋਰ ਪੱਸੀ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਹਾਈਵੇਅ ’ਤੇ ਸੜਕੀ ਆਵਾਜਾਈ ਬੰਦ ਕਰਨੀ ਪਈ। ਅਧਿਕਾਰੀ ਨੇ ਦੱਸਿਆ, ‘‘ਭਾਰੀ ਮੀਂਹ ਕਾਰਨ ਹਾਈਵੇਅ ਤੋਂ ਮਲਬਾ ਹਟਾਉਣ ਦੀ ਕਾਰਵਾਈ ਵਿੱਚ ਵਿਘਨ ਪੈ ਰਿਹਾ ਹੈ।’’ ਉਨ੍ਹਾਂ ਦੱਸਿਆ ਕਿ ਹਾਈਵੇਅ ’ਤੇ ਆਵਾਜਾਈ ਬੰਦ ਕੀਤੇ ਜਾਣ ਕਾਰਨ ਅਮਰਨਾਥ ਯਾਤਰਾ ਵੀ ਅੱਜ ਦੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੂਬੇ ਦੇ ਮੌਸਮ ਵਿਭਾਗ ਦੀ ਨਿਰਦੇਸ਼ਕ ਸੋਨਮ ਲੋਟਸ ਨੇ ਦੱਸਿਆ ਕਿ ਜ਼ਿਲ੍ਹਾ ਊਧਮਪੁਰ ਵਿੱਚ ਮੰਗਲਵਾਰ ਸ਼ਾਮ 8 ਵਜੇ ਤੋਂ ਰਿਕਾਰਡ 342 ਐੱਮਐੱਮ ਵਰਖਾ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਕਟੜਾ, ਜੋ ਵੈਸ਼ਨੂੰ ਦੇਵੀ ਦੇ ਸ਼ਰਧਾਲੂਆਂ ਲਈ ਬੇਸ ਕੈਂਪ ਹੈ, ਵਿੱਚ 292.4 ਐੱਮਐੱਮ ਮੀਂਹ ਪਿਆ ਹੈ।

VIA PUNJAB