ਜਿਨਸੀ ਹਮਲਿਆਂ ਦੀਆਂ ਘਟਨਾਵਾਂ ਤੋਂ ਸੁਪਰੀਮ ਕੋਰਟ ਚਿੰਤਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦੇਸ਼ ਵਿੱਚ ਹਰ ਪਾਸੇ ਵਾਪਰ ਰਹੀਆਂ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਨੂੰ ਕਿਹਾ ਕਿ ਜਿਨਸੀ ਹਮਲਿਆਂ ਦੀਆਂ ਪੀੜਤਾਂ ਦੀਆਂ ਤਸਵੀਰਾਂ ਕਿਸੇ ਵੀ ਹਾਲਤ ਜਿਵੇਂ ਕਿ ਧੁੰਦਲੀਆਂ ਕਰਕੇ ਜਾਂ ਬਦਲਕੇ ਨਾ ਪ੍ਰਕਾਸ਼ਿਤ ਕੀਤੀਆਂ ਜਾਣ। ਇਸ ਦੇ ਨਾਲ ਹੀ ਅਦਾਲਤ ਨੇ ਨਾਬਾਲਗ ਮੁਲਜ਼ਮਾਂ ਦੀਆਂ ਇੰਟਰਵਿਊਜ਼ ਪ੍ਰਕਾਸ਼ਿਤ ਅਤੇ ਟੈਲੀਕਾਸਟ ਨਾ ਕਰਨ ਦੀ ਵੀ ਹਦਾਇਤ ਕੀਤੀ ਹੈ ਅਤੇ ਕਿਹਾ ਕਿਹਾ ਹੈ ਕਿ ਇਸ ਦੇ ਨਾਲ ਉਨ੍ਹਾਂ ਦੀ ਮਾਨਸਿਕਤਾ ਉੱਤੇ ਗਹਿਰਾ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦੇਸ਼ ਵਿਚਲੇ ਆਸਰਾ ਘਰਾਂ ਵਿੱਚ ਲੜਕੀਆਂ ਨਾਲ ਵਾਪਰਦੀਆਂ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਕੇਂਦਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵੀ ਪੁੱਛਿਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਨਸੀ ਹਮਲਿਆਂ ਦੀ ਪੀੜਤ ਨਾਬਾਲਗਾਂ ਦੀਆਂ ਇੰਟਰਵਿਊਜ਼ ਬੱਚਿਆਂ ਦੇ ਅਧਿਕਾਰਾਂ ਸਬੰਧੀ ਕੌਮੀ ਅਤੇ ਰਾਜ ਕਮਿਸ਼ਨਾਂ ਦੇ ਮੈਂਬਰ ਕਰ ਸਕਦੇ ਹਨ ਤੇ ਇਸ ਮੌਕੇ ਕੌਂਸਲਰ ਦਾ ਹਾਜ਼ਰ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਦੇ ਮਹਿਲਾ ਕਮਿਸ਼ਨ ਵੱਲੋਂ ਬਿਹਾਰ ਦੇ ਬਾਲਿਕਾ ਗ੍ਰਹਿ ਮਾਮਲੇ ਵਿੱਚ ਦਖ਼ਲ ਦੇਣ ਵਿਰੁੱਧ ਵੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਮਾਮਲੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ।

VIA PUNJAB