ਟਰਾਲੀ ਨਾਲ ਕਾਰ ਦੀ ਟੱਕਰ ‘ਚ ਪਤੀ-ਪਤਨੀ ਦੀ ਮੌਤ

ਤਰਨਤਾਰਨ, 29 ਅਕਤੂਬਰ (ਵਾਇਆ ਪੰਜਾਬ)
ਜ਼ਿਲ੍ਹੇ ਦੇ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਨਜ਼ਦੀਕ ਸ਼ਨਿੱਚਰਵਾਰ-ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸੜਕ ’ਤੇ ਪਰਾਲੀ ਨਾਲ ਲੱਦੀ ਹੋਈ ਖੜ੍ਹੀ ਟਰੈਕਟਰ-ਟਰਾਲੀ ਵਿਚ ਕਾਰ ਦੇ ਪਿੱਛੋਂ ਦੀ ਟਕਰਾਉਣ ਕਾਰਣ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਵਿਚ ਦੋ ਛੋਟੇ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਆਪਣੀ ਪਤਨੀ ਕਿਰਨਵੀਰ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਪਿੰਡ ਜੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਪਣੇ ਛੋਟੇ ਬੇਟੇ 4 ਸਾਲ ਅਤੇ 6 ਸਾਲ ਸਮੇਤ ਕਾਰ ਵਿਚ ਸਵਾਰ ਹੋ ਕਿਸੇ ਸਮਾਗਮ ਤੋਂ ਬੀਤੀ ਰਾਤ ਵਾਪਸ ਪਰਤ ਰਹੇ ਸਨ। ਇਸ ਦੌਰਾਨ ਜਦੋਂ ਕਾਰ ਪਿੰਡ ਮੋਹਨਪੁਰ ਤੋਂ ਠੱਠੀਆਂ ਮਹੰਤਾਂ ਵਿਚਕਾਰ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੀ ਪਰਾਲੀ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਵਿਚ ਕਾਰ ਦੀ ਪਿੱਛੋਂ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੌਕੇ ’ਤੇ ਹੀ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਦੋਵੇਂ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਕਾਰ ਵਿਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਚੋਲਾ ਸਾਹਿਬ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਜ਼ਖਮੀ ਬੱਚਿਆਂ ਨੂੰ ਤੁਰੰਤ ਤਰਨਤਾਰਨ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

VIA PUNJAB