ਤਿੰਨ ਸਾਲਾਂ ’ਚ ਹੋ ਜਾਵੇਗਾ ਨਕਸਲੀਆਂ ਦਾ ਸਫਾਇਆ: ਰਾਜਨਾਥ

ਲਖਨਊ – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਮੁਲਕ ਵਿੱਚੋਂ ਖੱਬੇ ਪੱਖੀ ਇੰਤਹਾਪਸੰਦੀ(ਐੱਲਡਬਲਿਊਈ) ਦੀ ਅਲਾਮਤ ਦਾ ਅਗਲੇ ਤਿੰਨ ਸਾਲਾਂ ’ਚ ਖ਼ਾਤਮਾ ਕਰ ਦਿੱਤਾ ਜਾਵੇਗਾ। ਸਿੰਘ ਨੇ ਕਿਹਾ ਕਿ ਨਕਸਲੀਆਂ ਖਿਲਾਫ਼ ਰੈਪਿਡ ਐਕਸ਼ਨ ਫੋਰਸ ਦੀ ਕਾਰਵਾਈ ਤੇਜ਼ ਤੇ ਜਾਨਦਾਰ ਹੋਵੇ ਤੇ ਸਲਾਮਤੀ ਦਸਤੇ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਵਰਤਣ। ਗ੍ਰਹਿ ਮੰਤਰੀ ਇਥੇ ਸੀਆਰਪੀਐਫ ਕੈਂਪ ਵਿੱਚ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ 26ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਰੱਖੇ ਸਮਾਗਮ ਮੌਕੇ ਫ਼ੌਜੀ ਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁਲਕ ਵਿੱੱਚ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਜੋ ਕਦੇ 126 ਹੁੰਦੀ ਸੀ, ਹੁਣ ਘੱਟ ਕੇ 10-12 ਰਹਿ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਉਹ ਦਿਨ ਦੂਰ ਨਹੀਂ ਜਦੋਂ ਇਕ-ਦੋ ਜਾਂ ਫਿਰ ਤਿੰਨ ਸਾਲਾਂ ਵਿੱਚ ਨਕਸਲੀਆਂ ਦਾ ਮੁਲਕ ਵਿੱਚੋਂ ਖਾਤਮਾ ਕਰ ਦਿੱਤਾ ਜਾਵੇਗਾ ਤੇ ਇਹ ਸਭ ਸੀਆਰਪੀਐਫ ਅਤੇ ਰਾਜ ਪੁਲੀਸ ਬਲਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ, ਬਹਾਦਰੀ ਤੇ ਮਿਹਨਤ ਸਦਕਾ ਸੰਭਵ ਹੋਵੇਗਾ।

VIA PUNJAB