- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿਸਤਾਨ ‘ਚ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
ਅੰਮਿ੍ਤਸਰ, 9 ਅਕਤੂਬਰ (ਵਾਇਆ ਪੰਜਾਬ ਬਿਊਰੋ)
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਾਹੌਰ ਦੇ ਗੁਰਦੁਆਰਾ ਚੂਨਾ ਮੰਡੀ ‘ਚ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਬੀਤੀ ਰਾਤ ਰੈਣ ਸੂਬਾਈ ਕੀਰਤਨ ਉਪਰੰਤ ਅੱਜ ਸਵੇਰੇ ਪ੍ਰਕਾਸ਼ ਪੁਰਬ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ | ਗੁਰੂ ਰਾਮਦਾਸ ਸੇਵਕ ਜਥਾ ਦੇ ਸਹਿਯੋਗ ਨਾਲ ਮਨਾਏ ਉਕਤ ਦਿਹਾੜੇ ਮੌਕੇ ਭਾਈ ਮਨਿੰਦਰ ਸਿੰਘ, ਭਾਈ ਗੁਰਚਰਨ ਸਿੰਘ, ਮਨਦੀਪ ਸਿੰਘ, ਅਜੈ ਸਿੰਘ, ਵਿਜੈ ਸਿੰਘ ਅਤੇ ਬੀਬੀ ਮਨਬੀਰ ਕੌਰ ਸਮੇਤ ਹੋਰਨਾਂ ਕੀਰਤਨੀ ਜਥਿਆਂ ਨੇ ਸੰਗਤ ਨੂੰ ਅੰਮਿ੍ਤਮਈ ਗੁਰਬਾਣੀ ਦੇ ਰੰਗ ‘ਚ ਰੰਗਿਆ | ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪੀ. ਐਸ. ਜੀ. ਪੀ. ਸੀ. ਦੀ ਮੰਗ ‘ਤੇ ਹਸਨ ਅਬਦਾਲ ਰੇਲਵੇ ਸਟੇਸ਼ਨ ਵਿਖੇ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ ‘ਚ ਵਿਸ਼ਾਲ ਕੰਧ ਉਸਾਰ ਕੇ ਉਸ ‘ਤੇ ਸ਼ਹੀਦ ਸਿੰਘਾਂ ਦੇ ਨਾਂਅ ਲਿਖੇ ਜਾਣਗੇ | ਇਸ ਮੌਕੇ ਪਾਕਿ ਸਿੱਖ ਆਗੂ ਬਿਸ਼ਨ ਸਿੰਘ ਨੇ ਕਿਹਾ ਲਾਹੌਰ ਸਥਿਤ ਭਾਈ ਮਨੀ ਸਿੰਘ ਦੀ ਸਮਾਧ ਅਤੇ ਭਾਈ ਤਾਰੂ ਸਿੰਘ ਦੀ ਸਮਾਧ ਸਮੇਤ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਤ ਯਾਦਗਾਰ ਗੁਰਦੁਆਰਾ ਦੀਵਾਨਖਾਨਾ ਆਦਿ ਅਸਥਾਨਾਂ ‘ਤੇ ਲੰਬੇ ਸਮੇਂ ਤੋਂ ਭੂਮੀ ਮਾਫ਼ੀਆ ਦਾ ਕਬਜ਼ਾ ਕਾਇਮ ਹੈ ਅਤੇ ਪਾਕਿ ਸਰਕਾਰ ਨੂੰ ਇਨ੍ਹਾਂ ਨੂੰ ਜਲਦੀ ਕਬਜ਼ਾ-ਮੁਕਤ ਕਰਵਾ ਕੇ ਦੁਨੀਆ ਭਰ ਦੇ ਸਿੱਖਾਂ ਲਈ ਖੋਲ੍ਹਣਾ ਚਾਹੀਦਾ ਹੈ | ਪੀ. ਐਸ. ਜੀ. ਪੀ. ਸੀ. ਦੇ ਪ੍ਰਧਾਨ ਅਮੀਰ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦਿਆਂ ਕਿਹਾ ਕਿ ਪਾਕਿ ‘ਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਮਨਾਇਆ ਜਾ ਰਿਹਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਾਨਤਾ ਪ੍ਰਾਪਤ ਕੈਲੰਡਰ ਮੁਤਾਬਕ ਭਾਰਤ ‘ਚ ਪ੍ਰਕਾਸ਼ ਪੁਰਬ 11 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਕੈਲੰਡਰ ਵਿਵਾਦ ਦੇ ਚਲਦਿਆਂ ਕੋਈ ਵੀ ਭਾਰਤੀ ਜਥਾ ਲਾਹੌਰ ਨਹੀਂ ਪਹੁੰਚ ਸਕਿਆ | ਅਮੀਰ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਸਰਕਾਰਾਂ ਦੁਵੱਲਾ ਸਮਝੌਤਾ ਕਰਕੇ ਪ੍ਰੋਟੋਕਾਲ ਯਾਤਰੂ ਜਥਿਆਂ ਦੀ ਸੂਚੀ ‘ਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਅਤੇ ਸਾਕਾ ਸ੍ਰੀ ਪੰਜਾ ਸਾਹਿਬ ਨੂੰ ਵੀ ਸ਼ਾਮਿਲ ਕਰਨ | ਇਸ ਮੌਕੇ ਈ. ਟੀ. ਪੀ. ਬੀ. ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ, ਡਿਪਟੀ ਸਕੱਤਰ (ਸ਼ਰਾਈਨਜ਼) ਸੇਫ਼ਉੱਲਾ ਖੋਖਰ, ਕੇਅਰ ਟੇਕਰ ਅਜ਼ਹਰ ਸ਼ਾਹ, ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਮਨਜੀਤ ਸਿੰਘ, ਮਦਨ ਸਿੰਘ ਸੰਧੂ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਮੈਂਬਰ ਸਰਬਤ ਸਿੰਘ, ਡਾ: ਮਿਮਪਾਲ ਸਿੰਘ, ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |


