ਪਾਕਿ ਇਸਲਾਮਿਕ ਮੁਲਕ ਦੀ ਬਜਾਏ ਧਰਮ ਨਿਰਪੱਖ ਬਣੇ: ਰਾਵਤ

ਪੁਣੇ – ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇਸਲਾਮਿਕ ਮੁਲਕ ਦੀ ਬਜਾਏ ਧਰਮ ਨਿਰਪੱਖ ਮੁਲਕ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਭਾਰਤ ਨਾਲ ਚੰਗੇ ਰਿਸ਼ਤੇ ਬਣਾਉਣੇ ਹਨ ਤਾਂ ਪਾਕਿਸਤਾਨ ਨੂੰ ਧਰਮ ਨਿਰਪੱਖ ਬਣਨਾ ਹੀ ਪਏਗਾ। ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ’ਚ ਪਾਸਿੰਗ ਆਊਟ ਪਰੇਡ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਇਕੱਠਿਆਂ ਜਾਂ ਵੱਖ ਰਹਿਣਾ ਪਾਕਿਸਤਾਨ ਦੇ ਹੱਥ ’ਚ ਹੈ। ਪਾਕਿਸਤਾਨ ਨੂੰ ਆਪਣੇ ਅੰਦਰੂਨੀ ਹਾਲਾਤ ਦੇਖਣੇ ਪੈਣਗੇ। ਪਾਕਿਸਤਾਨ ਨੇ ਆਪਣੇ ਮੁਲਕ ਨੂੰ ਇਸਲਾਮਿਕ ਮੁਲਕ ਬਣਾ ਦਿੱਤਾ ਹੈ ਜਦਕਿ ਅਸੀਂ ਧਰਮ ਨਿਰਪੱਖ ਮੁਲਕ ਹਾਂ।’’ ਜਨਰਲ ਰਾਵਤ ਨੇ ਕਿਹਾ ਕਿ ਦੋਵੇਂ ਮੁਲਕ ਇਕੱਠੇ ਕਿਵੇਂ ਰਹਿ ਸਕਦੇ ਹਨ ਜਦੋਂ ਪਾਕਿਸਤਾਨ ਇਹ ਆਖਦਾ ਹੈ ਕਿ ਉਹ ਇਸਲਾਮਿਕ ਮੁਲਕ ਹੈ ਅਤੇ ਹੋਰ ਕਿਸੇ ਲਈ ਉਸ ਕੋਲ ਕੋਈ ਭੂਮਿਕਾ ਨਹੀਂ ਹੈ। ਪਾਕਿਸਤਾਨ ਨੂੰ ਦਹਿਸ਼ਤੀ ਸਰਗਰਮੀਆਂ ’ਤੇ ਨੱਥ ਪਾਉਣ ਲਈ ਆਖਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਭਾਰਤ ਵਾਂਗ ਧਰਮ ਨਿਰਪੱਖ ਬਣਨਾ ਲੋਚਦੇ ਹਨ ਤਾਂ ਉਨ੍ਹਾਂ ਕੋਲ ਮੌਕਾ ਹੈ। ‘ਪਹਿਲਾਂ ਦੇਖੀਏ ਉਹ ਮੰਨਦੇ ਹਨ ਜਾਂ ਨਹੀਂ।’ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਬਿਆਨ ਕਿ ਜੇਕਰ ਭਾਰਤ ਵਾਰਤਾ ਲਈ ਇਕ ਕਦਮ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਉਠਾਏਗਾ, ਬਾਰੇ ਪੁੱਛੇ ਜਾਣ ’ਤੇ ਜਨਰਲ ਰਾਵਤ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਆਪਣੀ ਜ਼ਮੀਨ ਤੋਂ ਦਹਿਸ਼ਤੀ ਸਰਗਰਮੀਆਂ ’ਤੇ ਲਗਾਮ ਕੱਸੇ। ‘ਭਾਰਤ ਨੇ ਪਹਿਲਾਂ ਕਈ ਕਦਮ ਉਠਾਏ ਹਨ। ਭਾਰਤ ਖ਼ਿਲਾਫ਼ ਹੁੰਦੀਆਂ ਕਾਰਵਾਈਆਂ ਲਈ ਪਾਕਿਸਤਾਨ ਨੂੰ ਕੁਝ ਐਕਸ਼ਨ ਦਿਖਾਉਣਾ ਪਏਗਾ।

VIA PUNJAB