ਪਾਰਟੀ ਦੇ ਕਹਿਣ ਉੱਤੇ ਅਸਤੀਫ਼ਾ ਦੇਣ ਦਾ ਵਾਅਦਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਮੁੱਕਰੇ : ਨਵਜੋਤ ਸਿੰਘ ਸਿੱਧੂ

ਚੰਡੀਗੜ – ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਇਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਝੂਠ ਬੋਲਣ ਦੇ ਆਦੀ ਹੋ ਚੁੱਕੇ ਹਨ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਵੀ ਮੁਨਕਰ ਹੋ ਚੁੱਕੇ ਹਨ ਜਿਵੇਂ ਕਿ ਉਨਾਂ ਨੇ ਦਰਬਾਰ ਸਾਹਿਬ ਵਿੱਚ ਕਿਹਾ ਸੀ ਕਿ ਉਹ ਪਾਰਟੀ ਦੇ ਕਹਿਣ ਉੱਤੇ ਅਸਤੀਫ਼ਾ ਦੇ ਦੇਣਗੇ। ਸ. ਸਿੱਧੂ ਨੇ ਸਵਾਲ ਕੀਤਾ ਕਿ ਕੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ (ਸਾਰੇ ਸੀਨੀਅਰ ਕੋਰ ਕਮੇਟੀ ਮੈਂਬਰ) ਅਤੇ ਬੀਬੀ ਕਿਰਨਜੋਤ ਕੌਰ (ਮਾਸਟਰ ਤਾਰਾ ਸਿੰਘ ਦੀ ਦੋਹਤਰੀ) ਅਕਾਲੀ ਦਲ ਦਾ ਹਿੱਸਾ ਨਹੀਂ ਹਨ ਅਤੇ ਇਨਾਂ ਦੇ ਅਸਤੀਫ਼ੇ ਵੀ ਅਜੇ ਮਨਜ਼ੂਰ ਨਹੀਂ ਕੀਤੇ ਗਏ। ਕੀ ਸੁਖਬੀਰ ਸਿੰਘ ਬਾਦਲ ਸਿਰਫ਼ ਆਪਣੇ ਪਰਿਵਾਰ ਨੂੰ ਹੀ ਸਮੁੱਚੀ ਪਾਰਟੀ ਸਮਝਦੇ ਹਨ। ਸ. ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਰਗਿਟ ਵਾਂਗ ਰੰਗ ਬਦਲ ਰਹੇ ਹਨ। ਹੋਰ ਦੱਸਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਨਾਂ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਅਵਾਜ਼ ਬੁਲੰਦ ਕੀਤੀ ਹੈ ਜਿਸ ਨਾਲ ਕਿ ਬਾਦਲ ਪਰਿਵਾਰ ਨੂੰ ਕੰਧ ਉੱਤੇ ਲਿਖਿਆ ਸਾਫ਼ ਪੜ ਲੈਣਾ ਚਾਹੀਦਾ ਹੈ। ਬਾਦਲ ਪਰਿਵਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਸ ਪਰਿਵਾਰ ਨੇ ਸ਼ਤਾਬਦੀ ਪੁਰਾਣੀ ਪਾਰਟੀ ਨੂੰ ਪਾ੍ਰਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਦੇ ਮੋਹ ਵੱਸ ਪੈ ਕੇ ਧ੍ਰਿਤਰਾਸ਼ਟਰ ਵਾਂਗ ਵਿਵਹਾਰ ਕਰਨ ਲੱਗ ਪਏ ਹਨ। ਬਾਦਲ ਪਰਿਵਾਰ ਨੇ ਸੱਤਾ ਵਿੱਚ ਹੁੰਦਿਆਂ ਆਪਣੇ ਹੋਟਲ ਉਸਾਰੇ ਅਤੇ ਪੰਜਾਬ ਦੀ ਲੁੱਟ-ਖਸੁੱਟ ਕੀਤੀ।ਸ. ਸਿੱਧੂ ਨੇ ਅਗਾਂਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂ ਕਿ ਸਾਰੀ ਸੱਤਾ ਸਿਰਫ਼ ਬਾਦਲ ਪਰਿਵਾਰ ਤੱਕ ਹੀ ਸਿਮਟ ਕੇ ਰਹਿ ਗਈ ਹੈ। ਉਨਾਂ ਸਵਾਲ ਕੀਤਾ ਕਿ ਤਜੁਰਬੇਕਾਰ ਆਗੂਆਂ ਦੇ ਹੁੰਦਿਆਂ ਹੋਇਆਂ 2014 ਵਿੱਚ ਹਰਸਿਮਰਤ ਬਾਦਲ ਨੂੰ ਹੀ ਕਿਉਂ ਕੇਂਦਰੀ ਮੰਤਰੀ ਮੰਡਲ ਵਿੱਚ ਸਥਾਨ ਦੇਣ ਨੂੰ ਤਰਜੀਹ ਦਿੱਤੀ ਗਈ। ਸ. ਸਿੱਧੂ ਨੇ ਅੱਗੇ ਕਿਹਾ ਕਿ ਅਸਲ ਵਿੱਚ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਵਾਗਡੋਰ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੈ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਮਹਿਮਾਨ ਭੂਮਿਕਾ ਨਿਭਾ ਰਹੇ ਹਨ।ਸਫੈਦ ਝੂਠ ਬੋਲਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦਾ ਸਮੁੱਚਾ ਪਰਿਵਾਰ ਹੇਠਲੇ ਦਰਜੇ ਦੀ ਸਿਆਸਤ ਕਰਨ ਉੱਤੇ ਉੱਤਰ ਆਇਆ ਹੈ। ਉਨਾਂ ਕਿਹਾ ਕਿ 93 ਵਰਿਆਂ ਦੀ ਉਮਰ ਵਿੱਚ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਰਾਜਪਾਲ ਕੋਲ ਜਾ ਕੇ ਮੈਨੂੰ (ਨਵਜੋਤ ਸਿੰਘ ਸਿੱਧੂ) ਖਿਲਾਫ਼ ਕਾਰਵਾਈ ਦੀ ਗੁਹਾਰ ਲਗਾਉਂਦੇ ਹਨ ਪਰ ਮਾਣਯੋਗ ਅਦਾਲਤ ਨੇ ਉਨਾਂ (ਸ. ਨਵਜੋਤ ਸਿੰਘ ਸਿੱਧੂ) ਖਿਲਾਫ਼ ਕਾਰਵਾਈ ਦੀ ਅਰਜ਼ੀ ਰੱਦ ਕਰਕੇ ਬਾਦਲਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਉਨਾਂ ਸਵਾਲ ਕੀਤਾ ਕਿ ਕਿਉਂ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਇੱਕ ਵਾਰ ਵੀ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜਖ਼ਮੀਆਂ ਦਾ ਹਾਲ-ਚਾਲ ਪੁੱਛਣ ਨਹੀਂ ਗਏ ਪਰ ਉਨਾਂ (ਨਵਜੋਤ ਸਿੰਘ ਸਿੱਧੂ) ਉੱਤੇ ਸਵਾਲ ਚੁੱਕ ਰਹੇ ਹਨ ਜਦੋਂ ਕਿ ਉਹ ਤਾਂ ਹਾਦਸੇ ਵੇਲੇ ਕੇਰਲਾ ਵਿੱਚ ਸਨ।ਸ. ਸਿੱਧੂ ਨੇ ਸਾਫ਼ ਕੀਤਾ ਕਿ ਬਾਦਲ ਪਰਿਵਾਰ ਬਰਗਾੜੀ ਘਟਨਾ ਵਿੱਚ ਆਪਣੀ ਸ਼ਮੂਲੀਅਤ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹੈ ਪਰ ਲੋਕ ਇਸ ਪਰਿਵਾਰ ਦੀਆਂ ਲੂੰਬੜ ਚਾਲਾਂ ਤੋਂ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ ਅਤੇ ਇਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ। ਲੋਕਾਂ ਦੀ ਸੇਵਾ ਪ੍ਰਤੀ ਆਪਣੀ ਪ੍ਰਤੀਬੱਧਤਾ ਮੁੜ ਦੁਹਰਾਉਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਹ ਹਰ ਦੁੱਖ-ਸੁੱਖ ਵਿੱਚ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।

VIA PUNJAB