ਪੁਲੀਸ ਗੋਲੀ ਦਾ ਸ਼ਿਕਾਰ ਹੋਏ ‘ਐਪਲ’ ਅਧਿਕਾਰੀ ਦਾ ਸਸਕਾਰ

ਲਖਨਊ – ਗੋਮਤੀ ਨਗਰ ਇਲਾਕੇ ਵਿੱਚ ਪੁਲੀਸ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਅਮਰੀਕੀ ਟੈਲੀਕਾਮ ਕੰਪਨੀ ਐਪਲ ਦੇ ਇਕ ਅਧਿਕਾਰੀ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਜਿਸ ਮੌਕੇ ਰਾਜ ਦੇ ਮੰਤਰੀ ਤੇ ਪਰਿਵਾਰਕ ਮੈਂਬਰ ਮੌਜੂਦ ਸਨ। ਕੰਪਨੀ ਦੇ ਅਧਿਕਾਰੀ ਵਿਵੇਕ ਤਿਵਾੜੀ (38) ਕੱਲ੍ਹ ਜਦੋਂ ਆਪਣੀ ਕਾਰ ਵਿੱਚ ਆਪਣੀ ਇਕ ਸਹਿਕਰਮੀ ਸਨਾ ਖ਼ਾਨ ਨੂੰ ਛੱਡਣ ਜਾ ਰਹੇ ਸਨ ਤਾਂ ਸਿਪਾਹੀ ਪ੍ਰਸ਼ਾਂਤ ਚੌਧਰੀ ਤੇ ਸੰਦੀਪ ਕੁਮਾਰ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਅੱਜ ਭਾਇਸਾਕੁੰਡ ਵਿਖੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਜਿਸ ਮੌਕੇ ਰਾਜ ਮੰਤਰੀ ਬ੍ਰਜੇਸ਼ ਪਾਠਕ ਤੇ ਮੁਕਾਮੀ ਵਿਧਾਇਕ ਆਸ਼ੂਤੋਸ਼ ਟੰਡਨ ਆਦਿ ਮੌਜੂਦ ਸਨ। ਜਦੋਂ ਸ੍ਰੀ ਪਾਠਕ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ‘‘ ਇਹ ਇਕ ਅਫ਼ਸੋਸਨਾਕ ਘਟਨਾ ਹੈ ਤੇ ਅਸੀਂ ਪੀੜਤ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਹਾਂ। ਅਸੀਂ ਕੇਸ ਨੂੰ ਫਾਸਟ ਟਰੈਕ ਕਰਾਵਾਂਗੇ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਮੈਂ ਗ੍ਰਹਿ ਵਿਭਾਗ ਦੇ ਪ੍ਰਮੁਖ ਸਕੱਤਰ ਤੇ ਡੀਜੀਪੀ ਨੂੰ ਬੇਨਤੀ ਕਰਾਂਗਾ ਕਿ ਵੱਡੇ ਸ਼ਹਿਰਾਂ ਵਿੱਚ ਸੰਵੇਦਨਸ਼ੀਲ ਪੁਲੀਸਕਰਮੀ ਤਾਇਨਾਤ ਕੀਤੇ ਜਾਣ। ਜੇ ਲੋੜ ਪਈ ਤਾਂ ਅਸੀਂ ਸੀਬੀਆਈ ਜਾਂਚ ਵੀ ਕਰਵਾਵਾਂਗੇ।’’ ਸੀਨੀਅਰ ਪੁਲੀਸ ਅਧਿਕਾਰੀ ਰਾਜੀਵ ਕ੍ਰਿਸ਼ਨਾ ਤੇ ਸੁਜੀਤ ਪਾਂਡੇ ਨੇ ਕਿਹਾ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

VIA PUNJAB