ਪ੍ਰਧਾਨ ਮੰਤਰੀ ਮੋਦੀ ਨੂੰ ਗਲੇ ਮਿਲਦਿਆਂ ਦਿਲ ਵਿੱਚ ਪਿਆਰ ਸੀ: ਰਾਹੁਲ ਗਾਂਧੀ

ਅਜਮੇਰ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਨਫਰਤ ਨਹੀਂ ਸਗੋਂ ਪਿਆਰ ਦਾ ਦੇਸ਼ ਹੈ| ਉਨ੍ਹਾਂ ਕਿਹਾ ਕਿ ਜਦੋਂ ਉਹ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਮਿਲੇ ਸੀ ਤਾਂ ਉਨ੍ਹਾਂ ਦੇ ਦਿਲ ਵਿੱਚ ਮੋਦੀ ਲਈ ਕਿਸੇ ਤਰ੍ਹਾਂ ਦੀ ਨਫਰਤ ਨਹੀਂ ਸੀ| ਇੱਥੇ ਕਾਂਗਰਸ ਸੇਵਾ ਦਲ ਦੇ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਆਰ. ਐਸ. ਐਸ. ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਦੇਸ਼ ਨੂੰ ਵੰਡਣ ਅਤੇ ਨਫਰਤ ਫੈਲਾਉਣ ਦਾ ਕੰਮ ਕਰਦਾ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ 2019 ਵਿਚ ਭਾਜਪਾ ਨੂੰ ਹਰਾਵਾਂਗੇ ਪਰ ਉਨ੍ਹਾਂ ਨੂੰ ਮਿਟਾਵਾਂਗੇ ਨਹੀਂ| ਰਾਹੁਲ ਨੇ ਅੱਗੇ ਕਿਹਾ, ”ਤੁਸੀਂ ਸੰਸਦ ਵਿਚ ਦੇਖਿਆ ਹੋਵੇਗਾ ਇਕ ਪਾਸੇ ਨਰਿੰਦਰ ਮੋਦੀ ਮੇਰੇ ਪਰਿਵਾਰ ਬਾਰੇ, ਮੇਰੇ ਬਾਰੇ ਉਲਟੀ-ਸਿੱਧੀ ਗੱਲ ਕਰਦੇ ਹਨ| ਪੂਰੀ ਕਾਂਗਰਸ ਪਾਰਟੀ ਦਾ ਅਪਮਾਨ ਕਰਦੇ ਹਨ, ਉਹ ਕਹਿੰਦੇ ਹਨ ਕਿ ਕਾਂਗਰਸ ਨੂੰ ਮਿਟਾ ਦੇਵਾਂਗਾ… ਅਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ‘ਚ ਉਨ੍ਹਾਂ ਨੂੰ ਗਲੇ ਲਗਾਉਂਦਾ ਹੈ| ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਮੋਦੀ ਜੀ ਦੇ ਗਲੇ ਮਿਲਿਆ ਤਾਂ ਮੇਰੇ ਦਿਲ ਵਿਚ ਉਨ੍ਹਾਂ ਲਈ ਨਫਰਤ ਨਹੀਂ ਸੀ|” ਰਾਹੁਲ ਨੇ ਕਿਹਾ ਕਿ ਤੁਸੀਂ ਉਨ੍ਹਾਂ ਦਾ ਚਿਹਰਾ ਦੇਖਿਆ ਹੋਵੇਗਾ| ਭਾਈ, ਨਫਰਤ ਨੂੰ ਨਫਰਤ ਨਹੀਂ ਕੱਟ ਸਕਦੀ| ਨਫਰਤ ਨੂੰ ਪਿਆਰ ਹੀ ਕੱਟ ਸਕਦਾ ਹੈ| ਮੈਂ ਅਨੁਭਵ ਨਾਲ ਦੱਸ ਰਿਹਾ ਹਾਂ ਕਿ ਜਦੋਂ ਮੈਂ ਉਨ੍ਹਾਂ ਨੂੰ ਗਲੇ ਮਿਲਿਆ ਤਾਂ ਉਨ੍ਹਾਂ ਦੇ ਅੰਦਰ ਜੋ ਨਫਰਤ ਸੀ, ਉਸ ਨਫਰਤ ਨੂੰ ਮੇਰੇ ਪਿਆਰ ਨੇ ਦਬਾ ਲਿਆ| ਰਾਹੁਲ ਨੇ ਨਫਰਤ ਨੂੰ ਡਰ ਦਾ ਦੂਜਾ ਰੂਪ ਦੱਸਦੇ ਹੋਏ ਕਿਹਾ ਕਿ ਡਰ ਦੇ ਬਿਨਾਂ ਨਫਰਤ ਨਹੀਂ ਹੋ ਸਕਦੀ| ਜਿਸ ਨੂੰ ਲੋਕ ਨਫਰਤ ਕਹਿੰਦੇ ਹਨ, ਉਹ ਅਸਲ ਵਿੱਚ ਡਰ ਹੈ| ਉਨ੍ਹਾਂ ਨੇ ਕਿਹਾ ਕਿ ਭਾਰਤ ਨਫਰਤ ਦਾ ਦੇਸ਼ ਨਹੀਂ ਸਗੋਂ ਇਹ ਪਿਆਰ ਦਾ ਦੇਸ਼ ਹੈ| ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਭਾਜਪਾ ਅਤੇ ਮੋਦੀ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਹੋਣ ਪਰ ਅਸੀਂ 2019 ਵਿਚ ਉਨ੍ਹਾਂ ਨੂੰ ਹਰਾਵਾਂਗੇ, ਅਸੀਂ ਉਨ੍ਹਾਂ ਨੂੰ ਮਿਟਾਵਾਂਗੇ ਨਹੀਂ|

VIA PUNJAB