ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕਾ ਜਾਰੀ

ਦਸਮ ਪਾਤਸ਼ਾਹ ਨੇ ਖ਼ਾਲਸਾ ਪੰਥ ਨਾਲ ਪੂਰੇ ਦੇਸ਼ ਨੂੰ ਜੋੜਣ ਦੀ ਕੋਸ਼ਿਸ਼ ਕੀਤੀ : ਮੋਦੀ

ਨਵੀਂ ਦਿਲੀ – ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰ ’ਚ ਭਾਰਤ ਸਰਕਾਰ ਵਲੋਂ ਅਜ ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਨਿਵਾਸ ਵਿਖੇ 350 ਰੁਪਏ ਦਾ ਯਾਦਗਾਰੀ ਸਿਕਾ ਜਾਰੀ ਕੀਤਾ ਹੈ। ਇਹ ਸਿਕਾ ਅਜ 13 ਜਨਵਰੀ ਨੂੰ ਦਸਮ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਾਰੀ ਕੀਤਾ। ਇਸ ਮੌਕੇ ਪੀ.ਐਮ. ਮੋਦੀ ਨੇ ਦੇਸ਼ ਦੁਨੀਆ ਦੇ ਕੋਨੋ-ਕੋਨੇ ’ਚ ਵਸਦੇ ਸਾਰੇ ਸਿਖ ਭਾਈਚਾਰੇ ਸਮੇਤ ਸਮੁਚੇ ਦੇਸ਼ ਨੂੰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਦੀਆਂ ਲਖ–ਲਖ ਵਧਾਈਆਂ ਦਿਤੀਆਂ ਮੋਦੀ ਨੇ ਇਸ ਮੌਕੇ ਅਜ ਲੋਹੜੀ ਦੇ ਤਿਉਹਾਰ ਦੀਆਂ ਵੀ ਮੁਬਾਰਕਾਂ ਦਿਤੀਆਂ। ਯਾਦਗਾਰੀ ਸਿਕਾ ਜਾਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿਕਾ ਸੈਂਕੜੇ ਸਾਲਾਂ ਤੋਂ ਸਾਡੇ ਦਿਲਾਂ ’ਤੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੇ ਜਰੀਏ ਪੂਰੇ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਭਾਰਤ ਸਰਕਾਰ ਵਲੋਂ 350 ਰੁਪਏ ਦੇ ਇਸ ਯਾਦਗਾਰੀ ਸਿਕੇ ਨੂੰ ਜਾਰੀ ਕਰਨ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।

VIA PUNJAB