ਪੰਚਾਇਤੀ ਚੋਣਾਂ: ਜਗੀਰ ਕੌਰ ਵੱਲੋਂ ਸੁਖਪਾਲ ਖਹਿਰਾ ’ਤੇ ਵੱਡਾ ਹਮਲਾ

ਜਲੰਧਰ – ਜ਼ਿਲ੍ਹੇ ਦੇ ਹਲਕੇ ਭੁਲਥ ਦੇ ਪਿੰਡ ਬੇਗੋਵਾਲ ਵਿਚ ਬੀਬੀ ਜਗੀਰ ਕੌਰ ਨੇ ਪੰਚਾਇਤੀ ਚੋਣਾਂ ‘ਤੇ ਟਿਪਣੀਆਂ ਕੀਤੀਆਂ। ਇਸ ਦੌਰਾਨ ਜਿਥੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਮੁਖੀ ਨੇ ਸਰਪੰਚ ਚੁਣਨ ਮੌਕੇ ਸਦਭਾਵਨਾ ਦਿਖਾਉਣ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਅਪੀਲ ਕੀਤੀ, ਉਥੇ ਹੀ ਆਪਣੇ ਸਿਆਸੀ ਵਿਰੋਧੀ ਸੁਖਪਾਲ ਖਹਿਰਾ ‘ਤੇ ਵੀ ਨਿਸ਼ਾਨੇ ਲਾਏ।ਜਗੀਰ ਕੌਰ ਨੇ ‘ਪੰਜਾਬ ਟਾਇਮਜ਼’ ਨਾਲ ਗਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਾਂਤੀ ਨਾਲ ਵੋਟਾਂ ਪੈਣਗੀਆਂ ਤਾਂ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਚੋਣਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ ‘ਤੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਜੇ ਪੰਚਾਇਤਾਂ ਵਿਚ ਹੀ ਝਗੜੇ ਹੋ ਗਏ ਤਾਂ ਸਾਡਾ ਸਮਾਜ ਖ਼ਤਮ ਹੋ ਜਾਵੇਗਾ। ਲੋਕਾਂ ਨੂੰ ਚੰਗਾ ਤੇ ਇਮਾਨਦਾਰ ਪਿੰਡ ਦਾ ਸਰਪੰਚ ਚੁਣਨਾ ਚਾਹੀਦਾ ਹੈ।ਜਿਥੇ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਮੌਜੂਦਾ ਸਰਕਾਰ ‘ਤੇ ਯੂਪੀ ਬਿਹਾਰ ਵਾਂਗ ਚੋਣਾਂ ਦੌਰਾਨ ਧਕੇਸ਼ਾਹੀ ਤੇ ਗੁੰਡਾਗਰਦੀ ਕੀਤੇ ਜਾਣ ਦੀ ਗਲ ਕਹੀ, ਉਥੇ ਹੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਨੇ ਮਾਮੂਲੀ ਧਕੇਸ਼ਾਹੀ ਕੀਤੀ ਤੇ ਅਸੀਂ ਬਰਦਾਸ਼ਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿਚ ਲੋਕਾਂ ਦਾ ਨਾਂ ਉਨ੍ਹਾਂ ਦੇ ਪਿੰਡ ਦੀ ਵੋਟ ਲਿਸਟ ਵਿਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ 27 ਹਜ਼ਾਰ ਉਮੀਦਵਾਰਾਂ ਦੇ ਕਾਗਜ਼ ਰਦ ਹੋਏ। ਧਕੇ ਖਿਲਾਫ ਲੋਕੀਂ ਉਠ ਖਲੋਂਦੇ ਨੇ, ਸਰਪੰਚੀ ਨਾਲ ਕੁਝ ਫਰਕ ਨਹੀਂ ਪੈਂਦਾ।

VIA PUNJAB