ਪੰਜਾਬ ’ਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਇਕੱਲੇ ਤੌਰ ’ਤੇ ਲੜੇਗੀ ‘ਆਪ’ : ਕੇਜਰੀਵਾਲ

ਬਰਨਾਲਾ ਵਿਖੇ ਵੱਡੀ ਰੈਲੀ ਨਾਲ ‘ਆਪ’ ਨੇ ਚੋਣਾਂ ਦਾ ਬਿਗਲ ਵਜਾਇਆ

ਬਰਨਾਲਾ – ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ 13 ਸੀਟਾਂ ਇਕੱਲੇ ਤੌਰ ’ਤੇ ਲੜੇਗੀ। ਬਰਨਾਲਾ ਵਿਖੇ ਐਤਵਾਰ ਨੂੰ ਪਾਰਟੀ ਨੇ ਵੱਡੀ ਰੈਲੀ ਨਾਲ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਪੰਜਾਬ ਵਿੱਚ ਕਿਸੇ ਵੀ ਪਾਰਟੀ ਨਾਲ ਗਠਜੋੜ ਤੋਂ ਸਾਫ਼ ਇਨਕਾਰ ਕਰ ਦਿੱਤਾ। ਰੈਲੀ ਵਿੱਚ ‘ਆਪ’ ਦੇ ਸੂਬਾ ਕਨਵੀਨਰ ਅਤੇ ਸੰਸਦ ਮੈਂਬਰ ਸ਼੍ਰੀ ਭਗਵੰਤ ਮਾਨ ਨੇ ਆਪਣੀ ਮਾਤਾ ਦਾ ਹੱਥ ਫੜ ਕੇ ਕਦੇ ਵੀ ਸ਼ਰਾਬ ਨਾ ਪੀਣ ਦਾ ਲੋਕਾਂ ਨਾਲ ਵਾਅਦਾ ਕੀਤਾ। ਰੈਲੀ ਰਾਹੀਂ ਪਾਰਟੀ ਵੱਲੋਂ ਦਿੱਲੀ ’ਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਤੌਰ ’ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਪਾਰਟੀ ਦੇ ਸਾਰੇ ਹੀ ਬੁਲਾਰੇ ਇਹ ਦਾਅਵਾ ਕਰਦੇ ਰਹੇ ਕਿ ‘ਆਪ’ ਪੰਜਾਬ ਵਿੱਚ ਸਾਰੀਆਂ ਲੋਕ ਸਭਾ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਰੈਲੀ ਦਾ ਮੰਤਵ ਲੋਕਾਂ ਨੂੰ ਦਿਲੀ ਵਿਚ ‘ਆਪ’ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਰਿਹਾ। ਇਹੋ ਸੰਦੇਸ਼ ਪਾਰਟੀ ਨੇ ਰੈਲੀ ਦੇ ਹੋਰਡਿੰਗ ’ਤੇ ਵੀ ਛਾਪਿਆ। ਇਸ ਮੌਕੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਜਿਹੜੇ ਵੀ ਲੋਕ ਛਡ ਕੇ ਗਏ ਹਨ, ਉਨ੍ਹਾਂ ਦੇ ਜਾਣ ਨਾਲ ਸਗੋਂ ਪਾਰਟੀ ਵਿਚ ਸਫ਼ਾਈ ਹੋਈ ਹੈ। ਰਬ ਇਹ ਸਭ ਸਫ਼ਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਅਹੁਦਿਆਂ ਦੇ ਲਾਲਚੀ ਹੀ ਪਾਰਟੀ ਛਡ ਕੇ ਗਏ ਹਨ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ਤੇ ਪੰਜਾਬੀਆਂ ਨੂੰ ਧੋਖਾ ਦਿਤਾ ਹੈ ਤੇ ਉਨ੍ਹਾਂ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਜ਼ਰੂਰ ਚੇਤੇ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ, ਸ੍ਰੀ ਮਨੀਸ਼ ਸਿਸੋਦੀਆ ਅਤੇ ਉਹ ਖ਼ੁਦ ਅਜ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁਲ ਭੇਟ ਕਰ ਕੇ ਆਏ ਹਨ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਬਲਜਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਪੰਜਾਬੀਆਂ ਤੋਂ ਆਸ ਪ੍ਰਗਟਾਈ ਕਿ ਹੁਣ ਨਵਾਂ ਇਤਿਹਾਸ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਨੂੰ ਤੁਸੀਂ ਸਮੂਹ ਜਨਤਾ ਨੇ ਹੀ ਬਚਾਉਣਾ ਹੈ। ਇਸ ਮੌਕੇ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਹੋਣਗੇ। ਇਸ ਮੌਕੇ ਸਟੇਜ ’ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿੋਸਦੀਆ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਮਨਜੀਤ ਸਿੰਘ ਬਿਲਾਸਪੁਰ, ਜਸਟਿਸ ਜ਼ੋਰਾ ਸਿੰਘ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਆਦਿ ਮੌਜੂਦ ਸਨ।

VIA PUNJAB