ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਬਾਰੇ ਵੇਰਵੇ ਜਾਰੀ

ਚੰਡੀਗੜ – ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਸਾਉਣੀ ਦੇ ਸੀਜ਼ਨ ਦੌਰਾਨ ਸੂਬੇ ਦੀਆਂ ਵੱਖ ਵੱਖ ਨਹਿਰਾਂ ਵਿੱਚ 20 ਤੋਂ 27 ਜੁਲਾਈ ਤਕ ਪਾਣੀ ਛੱਡਣ ਸਬੰਧੀ ਵੇਰਵੇ ਜਾਰੀ ਕੀਤੇ ਗਏ ਹਨ। ਇਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕੇ ਸਰਹਿੰਦ ਕੈਨਾਲ ਸਿਸਟਮ ਦੀਆਂ ਨਹਿਰਾਂ ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ, ਸਿੱਧਵਾਂ ਬ੍ਰਾਂਚ, ਪਟਿਆਲਾ ਫੀਡਰ ਅਤੇ ਅਬੋਹਰ ਬ੍ਰਾਂਚ ਵਿੱਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ ਉਤੇ ਪਾਣੀ ਛੱਡਿਆ ਜਾਵੇਗਾ। ਇਸੇ ਤਰਾਂ ਭਾਖੜਾ ਮੇਨ ਲਾਈਨ ਦੀਆਂ ਨਹਿਰਾਂ ਅਤੇ ਬਰਾਂਚਾਂ ਜਿਵੇਂ ਕਿ ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀਆਂ ਨਹਿਰਾਂ, ਜੋ ਗਰੁੱਪ ‘ਏ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਦਿੱਤਾ ਜਾਵੇਗਾ। ਘੱਗਰ ਲਿੰਕ ਅਤੇ ਇਸ ਵਿੱਚੋਂ ਨਿਕਲਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ, ਜੋ ਗਰੁੱਪ ‘ਬੀ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ‘ਤੇ ਬਾਕੀ ਬਚਦਾ ਪਾਣੀ ਮਿਲੇਗਾ। ਉਨਾਂ ਅੱਗੇ ਦੱਸਿਆ ਕਿ ਹਰੀਕੇ ਅਤੇ ਫਿਰੋਜ਼ਪੁਰ ਹੈੱਡ ਵਰਕਸ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਅਤੇ ਬਰਾਂਚਾਂ ਜਿਵੇਂ ਕਿ ਸਰਹਿੰਦ ਫੀਡਰ ਵਿੱਚੋਂ ਨਿਕਲਦੇ ਸਾਰੇ ਰਜਬਾਹੇ, ਜੋ ਗਰੁੱਪ ‘ਏ’ ਵਿੱਚ ਹਨ, ਨੂੰ ਪਹਿਲੀ ਤਰਜੀਹ ‘ਤੇ ਪੂਰਾ ਪਾਣੀ ਮਿਲੇਗਾ। ਸਰਹਿੰਦ ਫੀਡਰ ਵਿੱਚੋਂ ਨਿਕਲਦੀ ਅਬੋਹਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ, ਜਿਹੜੇ ਗਰੁੱਪ ‘ਬੀ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ‘ਤੇ ਬਾਕੀ ਬਚਦਾ ਪਾਣੀ ਮਿਲੇਗਾ। ਅੱਪਰ ਬਾਰੀ ਦੋਆਬ ਕੈਨਾਲ ਵਿੱਚੋਂ ਨਿਕਲਦੀ ਲਾਹੌਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੁਰਾ ਪਾਣੀ ਮਿਲੇਗਾ। ਮੇਨ ਬ੍ਰਾਂਚ ਲੋਅਰ, ਕਸੂਰ ਬ੍ਰਾਂਚ ਲੋਅਰ, ਸਭਰਾਓ ਬ੍ਰਾਂਚ ਤੇ ਇਸ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।

VIA PUNJAB