ਪੰਜਾਬ ਮੰਤਰੀ ਮੰਡਲ ਵੱਲੋਂ ‘ਐਡਵੋਕੇਟਸ ਵੈੱਲਫੇਅਰ ਫੰਡ ਰੂਲਜ਼’ ਨੂੰ ਪ੍ਰਵਾਨਗੀ

ਪੰਜਾਬ ਨੂੰ ਹਵਾਬਾਜ਼ੀ ਉਦਯੋਗ ਦੇ ਧੁਰੇ ਵਜੋਂ ਉਭਾਰਨ ਲਈ ਐਮ.ਆਰ.ਓ. ਫੈਸਿਲਟੀ ਦੀ ਸਥਾਪਨਾ ਨੂੰ ਹਰੀ ਝੰਡੀ

ਚੰਡੀਗੜ੍ਹ – ਪੰਜਾਬ ਮੰਤਰੀ ਮੰਡਲ ਨੇ ‘ਦੀ ਪੰਜਾਬ ਐਡਵੋਕੇਟਸ ਵੈੱਲਫੇਅਰ ਫੰਡ ਰੂਲਜ਼-2019’ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਸਬੰਧਤ ਐਕਟ ਦੇ ਲਾਗੂ ਹੋਣ ਲਈ ਰਾਹ ਪੱਧਰਾ ਹੋ ਜਾਵੇਗਾ। ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਕ ਸਰਕਾਰੀ ਬੁਲਾਰੇ ਮੁਤਾਬਕ ਸੂਬਾ ਸਰਕਾਰ ਨੂੰ ‘ਪੰਜਾਬ ਐਡਵੋਕੇਟਸ ਵੈੱਲਫੇਅਰ ਫੰਡ ਐਕਟ-2002’ ਦੀ ਧਾਰਾ 28 ਤਹਿਤ ਨਿਯਮ ਤਿਆਰ ਕਰਕੇ ਨੋਟਾਫਾਈ ਕਰਨ ਦੀ ਲੋੜ ਹੈ। ਇਹ ਨਿਯਮ ਰਾਸ਼ਟਰੀਕਰਨ ਬੈਂਕ ‘ਚ ਫੰਡ ਜਮ੍ਹਾਂ ਕਰਨ, ਲੇਖਾ ਤੇ ਬਜਟ ਅਨੁਮਾਨਾਂ ਦੀ ਸਾਲਾਨਾ ਸਟੇਟਮੈਂਟ ਤਿਆਰ ਕਰਨ, ਖਰਚੇ ਤੇ ਨਿਵੇਸ਼ ਦੇ ਲੇਖੇ ਅਤੇ ਸਾਲਾਨਾ ਆਡਿਟ ਦੀ ਵਿਵਸਥਾ ਕਰਦੇ ਹਨ। ਫੰਡ ਵਿਚ ਦਾਖਲਾ ਅਤੇ ਮੈਂਬਰਸ਼ਿਪ ਤੋਂ ਹਟਾਉਣ ਦੀ ਪ੍ਰਕ੍ਰਿਆ ਵੀ ਪ੍ਰਦਾਨ ਕੀਤੀ ਗਈ ਹੈ। ਵੱਖ-ਵੱਖ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਸਟਾਫ ਦੀ ਨਿਯੁਕਤ ਦਾ ਉਪਬੰਧ ਵੀ ਕੀਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਐਡਵੋਕੇਟਸ ਵੈੱਲਫੇਅਰ ਫੰਡ ਐਕਟ-2002 ਦਾ ਗਠਨ ਅਤੇ ਇਸ ਦੀ ਵਰਤੋਂ ਪੰਜਾਬ ਨਾਲ ਸਬੰਧਤ ਵਕੀਲਾਂ ਦੀ ਭਲਾਈ ਲਈ ਲਾਗੂ ਕਰਨ ਲਈ ਕੀਤਾ ਗਿਆ ਸੀ। ਇਸ ਫੰਡ ਦੀ ਆਮਦਨੀ ਸੂਬਾ ਸਰਕਾਰ ਪਾਸੋਂ ਮਿਲੀ ਗਰਾਂਟ, ਬਾਰ ਕੌਂਸਲ ਵਲੋਂ ਇਕੱਤਰ ਕੀਤੇ ਫੰਡਾਂ, ਸਵੈ-ਇਛੁੱਕ ਦਾਨ, ਕੇਂਦਰ ਸਰਕਾਰ ਤੋਂ ਗਰਾਂਟ ਆਦਿ ਤੋਂ ਆਉਂਦੀ ਹੈ। ਇਹ ਫੰਡ ਵਕੀਲਾਂ ਦੀ ਭਲਾਈ ਦੇ ਵੱਖ-ਵੱਖ ਉਦੇਸ਼ਾਂ ਜਿਵੇਂ ਵਕੀਲਾਂ ਨੂੰ ਸਮੂਹ ਬੀਮਾ, ਯੋਗ ਵਕੀਲਾਂ ਨੂੰ ਵਿੱਤੀ ਸਹਾਇਤਾ, ਵਕੀਲਾਂ ਨੂੰ ਮੈਡੀਕਲ ਬੀਮਾ, ਗੰਭੀਰ ਬਿਮਾਰੀ ਦੀ ਸਥਿਤੀ ਵਿਚ ਵਿੱਤੀ ਸਹਾਇਤਾ ਆਦਿ ਲਈ ਖਰਚੇ ਜਾਂਦੇ ਹਨ।ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ-2017 ਵਿੱਚ ਅਹਿਮ ਖੇਤਰ ਵਜੋਂ ਸ਼ਨਾਖ਼ਤ ਕੀਤੇ ਸ਼ਹਿਰੀ ਹਵਾਬਾਜ਼ੀ ਸੈਕਟਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪਟਿਆਲਾ ਏਵੀਏਸ਼ਨ ਕੰਪਲੈਕਸ (ਪੀ.ਏ.ਸੀ.) ਵਿੱਚ ਰੱਖ-ਰਖਾਅ, ਮੁਰੰਮਤ ਅਤੇ ਜਾਂਚਣ (ਮੇਨਟੀਨੈਂਸ, ਰਿਪੇਅਰ ਅਤੇ ਓਵਰਹੌਲ) ਦੇ ਵਿਕਾਸ ਲਈ 5000 ਸੁਕੇਅਰ ਫੁੱਟ ਦੀ ਸਮਰਥਾ ਦੀਆਂ ਚਾਰ ਥਾਵਾਂ ਲੀਜ਼ ‘ਤੇ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਦਮ ਦਾ ਮਕਸਦ ਪੰਜਾਬ ਦੇ ਵਿਕਾਸ ਨੂੰ ਹਵਾਬਾਜ਼ੀ ਅਤੇ ਰੱਖਿਆ ਉਦਯੋਗ ਦੇ ਧੁਰੇ ਵਜੋਂ ਉਭਾਰਨਾ ਹੈ ਤਾਂ ਕਿ ਇਸ ਸੈਕਟਰ ਦੇ ਭਵਿੱਖੀ ਸੰਭਾਵਨਾਵਾਂ ਦਾ ਲਾਭ ਉਠਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸਿਰਜੇ ਜਾ ਸਕਣ। ਹਵਾਬਾਜ਼ੀ ਵਿਭਾਗ ਨੇ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਦੇ ਨਿਵੇਸ਼ ਪੰਜਾਬ ਪਾਸੋਂ ਪੰਜਾਬ ਵਿੱਚ ਐਮ.ਆਰ.ਓ. ਫੈਸਲਿਟੀ ਦੀ ਸਥਾਪਨਾ ਕਰਨ ਵਾਸਤੇ ਪੱਤਰ ਪ੍ਰਾਪਤ ਕੀਤਾ ਸੀ। ਵੱਖ-ਵੱਖ ਕੰਪਨੀਆਂ ਨੇ ਪੰਜਾਬ ਵਿੱਚ ਅਜਿਹੀ ਫੈਸਲਿਟੀ ਕਾਇਮ ਕਰਨ ਵਿੱਚ ਦਿਲਚਸਪੀ ਦਿਖਾਈ ਸੀ ਅਤੇ ਹਵਾਈ ਅੱਡਿਆਂ ਦੇ ਨੇੜੇ ਅਤੇ ਤਰਜੀਹੀ ਤੌਰ ‘ਤੇ ਹਵਾਈ ਅੱਡਿਆਂ/ਫਲਾਇੰਗ ਕਲੱਬਾਂ ਦੇ ਹੈਂਗਰਾਂ ਕੋਲ ਜਗ੍ਹਾ ਦੇਣ ਦੀ ਬੇਨਤੀ ਕੀਤੀ ਸੀ।

VIA PUNJAB