ਪੰਜਾਬ ਸਰਕਾਰ ਵੱਲੋਂ ਬੀਤੇ ਇੱਕ ਵਰੇ ਦੌਰਾਨ 2 ਕਰੋੜ ਤੋਂ ਵੱਧ ਬੂਟੇ ਮੁਫ਼ਤ ਵੰਡੇ ਗਏ: ਸਾਧੂ ਸਿੰਘ ਧਰਮਸੋਤ

ਸ੍ਰੀ ਗੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ 75 ਲੱਖ ਬੂਟੇ ਲਗਾਉਣ ਦਾ ਕੰਮ ਜਾਰੀ
ਚੰਡੀਗੜ – ਪੰਜਾਬ ਸਰਕਾਰ ਵੱਲੋਂ ਬੀਤੇ ਵਰੇ 5 ਜੂਨ ਨੂੰ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹੁਣ ਤੱਕ ਇੱਕ ਵਰੇ ਦੌਰਾਨ 2 ਕਰੋੜ ਤੋਂ ਵੱਧ ਵੱਖ-ਵੱਖ ਬੂਟੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ ਤਾਂ ਜੋ ਪੰਜਾਬ ‘ਚ ਵਾਤਾਵਰਣ ਨੂੰ ਸਾਫ਼ ਤੇ ਸ਼ੁੱਧ ਰੱਖਿਆ ਜਾ ਸਕੇ।ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ਼ ਤੇ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਮੁਹਿਮਾਂ ਤਹਿਤ 2 ਕਰੋੜ ਤੋਂ ਵੱਧ ਬੂਟੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ 1.3 ਕਰੋੜ ਬੂਟੇ ਲਗਾ ਕੇ 10 ਹਜ਼ਾਰ ਹੈਕਟੇਅਰ ਰਕਬਾ ਜੰਗਲਾਤ ਹੇਠ ਲਿਆਂਦਾ ਗਿਆ ਹੈ, ਜਦਕਿ ‘ਘਰ-ਘਰ ਹਰਿਆਲੀ ਸਕੀਮ’ ਤਹਿਤ ਲਗਭੱਗ 68 ਲੱਖ ਬੂਟੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ, ਜੋ ਲੋਕਾਂ ਵੱਲੋਂ ਆਪੋ-ਆਪਣੀਆਂ ਪਸੰਦ ਦੀਆਂ ਥਾਂਵਾਂ ‘ਤੇ ਲਗਾਏ ਜਾ ਚੁੱਕੇ ਹਨ। ਸ. ਧਰਮਸੋਤ ਨੇ ਦੱਸਿਆ ਕਿ ਇਨਾਂ (68 ਲੱਖ ਬੂਟੇ) ਵਿੱਚੋਂ 18 ਲੱਖ ਤੋਂ ਜ਼ਿਆਦਾ ਬੂਟੇ ਆਨਲਾਈਨ ਮੋਬਾਇਲ ਐਪਲੀਕੇਸ਼ਨ ‘ਆਈ ਹਰਿਆਲੀ’ ਰਾਹੀਂ ਵੰਡੇ ਗਏ ਹਨ। ਇਸ ਸਕੀਮ ਅਧੀਨ ਸੂਬੇ ਦੇ ਲੋਕਾਂ ਵੱਲੋਂ ਮੋਬਾਈਲ ਐਪ ਡਾਊਨ ਲੋਡ ਕਰਕੇ ਆਪਣੀ ਪਸੰਦ ਦੇ ਬੂਟੇ ਆਪਣੀ ਨੇੜਲੀ ਨਰਸਰੀ ਤੋਂ ਹਾਸਲ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਵਿਭਾਗ ਦੀ ਨਾਜਾਇਜ਼ ਕਬਜੇ ਹਟਾਉਣ ਦੀ ਮੁਹਿੰਮ ਤਹਿਤ ਹੁਣ ਤੱਕ 5000 ਏਕੜ ਜ਼ਮੀਨ ਤੋਂ ਗੈਰ ਕਾਨੂੰਨੀ ਕਬਜੇ ਹਟਾਏ ਗਏ ਹਨ ਅਤੇ ਸਬੰਧਤ ਜ਼ਮੀਨਾਂ ‘ਤੇ ਪੌਦੇ ਲਗਾਉਣ ਦਾ ਕੰਮ ਜਾਰੀ ਹੈ। ਉਨਾਂ ਦੱਸਿਆ ਕਿ ਇੱਕ ਵਿਸ਼ੇਸ਼ ਸਕੀਮ ਤਹਿਤ ਗ਼ਰੀਬ ਲੋਕਾਂ ਨੂੰ ਸ਼ਬਜੀਆਂ ਦੇ ਲਗਭੱਗ 4 ਲੱਖ ਬੂਟੇ ਮੁਫ਼ਤ ਵੰਡੇ ਗਏ ਹਨ। ਇਸੇ ਤਰਾਂ ਕਲੋਨਲ ਹਾਈਟੈਕ ਨਰਸਰੀ ਕਾਦੀਆਂ ਅਤੇ ਲੁਧਿਆਣਾ ਤੋਂ ਕਿਸਾਨਾਂ ਨੂੰ ਲਗਭੱਗ 10 ਲੱਖ ਬੂਟੇ ਮੁਫਤ ਵੰਡੇ ਗਏ ਹਨ।ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਚਾਲੂ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤਹਿਤ ਪੰਜਾਬ ਦੇ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਸਕੀਮ ਵਿੱਚ ਤਕਰੀਬਨ 75 ਲੱਖ ਬੂਟੇ ਲਗਾਏ ਜਾਣਗੇ। ਹਉਨਾਂ ਦੱਸਿਆ ਕਿ ਹੁਣ ਤੱਕ 2000 ਪਿੰਡਾਂ ਵਿੱਚ ਤਕਰੀਬਨ 11 ਲੱਖ ਬੂਟੇ ਲਗਾ ਦਿੱਤੇ ਗਏ ਹਨ ਅਤੇ ਜਦਕਿ ਕਿ ਬਾਕੀ ਪਿੰਡਾਂ ‘ਚ ਬੂਟੇ ਲਗਾਉਣ ਦਾ ਕੰਮ ਜਾਰੀ ਹੈ।ਸ. ਧਰਮਸੋਤ ਨੇ ਅੱਗੇ ਕਿਹਾ ਕਿ ਵਿਭਾਗ ਦੀਆਂ 200 ਤੋਂ ਵੱਧ ਨਰਸਰੀਆਂ ‘ਚ ਬੂਟੇ ਤਿਆਰ ਕਰਨ ਦਾ ਕੰਮ ਜਾਰੀ ਹੈ ਅਤੇ ਵੱਖ-ਵੱਖ ਸਕੀਮਾਂ ਤਹਿਤ ਸੂਬੇ ਦੇ ਲੋਕਾਂ ਨੂੰ ਮੁਫ਼ਤ ਬੂਟੇ ਵੰਡਣ ਦਾ ਕਾਰਜ ਅਗਲੇ ਸਾਲਾਂ ਦੌਰਾਨ ਵੀ ਜਾਰੀ ਰਹੇਗਾ।

VIA PUNJAB