ਪੰਜਾਬ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਟੀਚੇ ਨੂੰ ਹਾਸਲ ਕਰਨ ਲਈ ਤਿਆਰ

ਹੁਣ ਤੱਕ 127.81 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ

ਚੰਡੀਗੜ੍ਹ – ਪੰਜਾਬ ਮੌਜੂਦਾ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਫ਼ਲਤਾਪੂਰਵਕ ਅੱਗੇ ਵਧ ਰਿਹਾ ਹੈ ਅਤੇ ਸੂਬੇ ਵਿੱਚ ਵੀਰਵਾਰ ਤੱਕ 127.81 ਲੱਖ ਮੀਟ੍ਰਿਕ ਟਨ ਦੀ ਖਰੀਦ ਪਹਿਲਾਂ ਹੀ ਕਰ ਲਈ ਗਈ ਹੈ।ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਬੁਲਾਰੇ ਅਨੁਸਾਰ 16 ਮਈ, 2019 ਤੱਕ ਸੂਬਾ ਭਰ ਦੀਆਂ ਮੰਡੀਆਂ ਵਿੱਚ 127.85 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਖਰੀਦੀ ਗਈ ਕਣਕ ਵਿੱਚੋਂ 126.40 ਲੱਖ ਮੀਟ੍ਰਿਕ ਟਨ ਕਣਕ ਸੂਬੇ ਦੀਆਂ ਖਰੀਦ ਏਜੰਸੀਆਂ ਅਤੇ 1.41 ਲੱਖ ਮੀਟ੍ਰਿਕ ਟਨ ਨਿੱਜੀ ਵਪਾਰੀਆਂ ਵੱਲੋਂ ਖਰੀਦੀ ਗਈ ਹੈ।ਖਰੀਦੀ ਗਈ ਕਣਕ ਦੀ ਚੁਕਾਈ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 111.56 (88 ਫੀਸਦੀ) ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਪਹਿਲਾਂ ਹੀ ਕਰ ਲਈ ਗਈ ਹੈ ਅਤੇ ਮੰਡੀਆਂ ਵਿੱਚੋਂ ਕਣਕ ਦੀ ਤੇਜ਼ੀ ਨਾਲ ਚੁਕਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਪਿਛਲੇ ਸਾਲ ਦੌਰਾਨ 16 ਮਈ ਤੱਕ ਖਰੀਦੀ ਗਈ ਕੁੱਲ 126.31 ਲੱਖ ਮੀਟ੍ਰਿਕ ਟਨ ਕਣਕ ਵਿੱਚੋਂ 125.76 ਲੱਖ ਮੀਟ੍ਰਿਕ ਟਨ ਕਣਕ ਸੂਬੇ ਦੀਆਂ ਏਜੰਸੀਆਂ ਜਦਕਿ 0.55 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਨਿੱਜੀ ਵਪਾਰੀਆਂ ਵੱਲੋਂ ਕੀਤੀ ਗਈ ਸੀ।ਕਣਕ ਦੀ ਖਰੀਦ ਸਬੰਧੀ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਦੋਆਬਾ, ਮਾਝਾ, ਮਾਲਵਾ ਵਿੱਚ ਕਣਕ ਦੀ ਕ੍ਰਮਵਾਰ 13.74 ਲੱਖ ਮੀਟ੍ਰਿਕ ਟਨ, 18.81 ਲੱਖ ਮੀਟ੍ਰਿਕ ਟਨ ਅਤੇ 95.30 ਲੱਖ ਮੀਟ੍ਰਿਕ ਟਨ ਆਮਦ ਵਿੱਚੋਂ ਕ੍ਰਮਵਾਰ 13.74 ਲੱਖ ਮੀਟ੍ਰਿਕ ਟਨ, 18.80 ਲੱਖ ਮੀਟ੍ਰਿਕ ਟਨ ਅਤੇ 95.27 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਸੂਬੇ ਵਿੱਚ ਕਣਕ ਦੀ ਖਰੀਦ ਨਾਲ ਵੱਧ ਤੋਂ ਵੱਧ 8.09 ਲੱਖ ਕਿਸਾਨਾਂ ਨੂੰ ਲਾਭ ਹੋÎਇਆ ਹੈ ਜਿਨ੍ਹਾਂ ਵਿੱਚ ਦੋਆਬਾ, ਮਾਝਾ ਅਤੇ ਮਾਲਵਾ ਦੇ ਕ੍ਰਮਵਾਰ 1.20 ਲੱਖ, 0.94 ਲੱਖ ਅਤੇ 5.95 ਲੱਖ ਕਿਸਾਨ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਣਕ ਦੀ ਖਰੀਦ ਪ੍ਰਕਿਰਿਆ ਦਾ ਨਿਯਮਤ ਤੌਰ ‘ਤੇ ਜਾਇਜ਼ਾ ਲੈ ਰਹੇ ਹਨ ਅਤੇ ਉਨ੍ਹਾਂ ਵੱਲੋਂ ਮੌਜੂਦਾ ਹਾੜ੍ਹੀ ਸੀਜ਼ਨ 2019-20 ਦੌਰਾਨ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਖਰੀਦ ਏਜੰਸੀਆਂ ਦੇ ਮੁਖੀਆਂ ਦੇ ਨਾਲ-ਨਾਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

VIA PUNJAB