ਫਾਈਜ਼ਰ ਅਤੇ ਮਾਡਰਨਾ ਵੱਲੋਂ ਦਿੱਲੀ ਨੂੰ ਵੈਕਸੀਨ ਦੇਣ ਤੋਂ ਇਨਕਾਰ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਾਈਜ਼ਰ ਅਤੇ ਮਾਡਰਨਾ ਵਰਗੀਆਂ ਕੰਪਨੀਆਂ ਨਾਲ ਦਿੱਲੀ ਨੂੰ ਵੈਕਸੀਨ ਵਿਕਰੀ ਲਈ ਗੱਲ ਕੀਤੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।ਉਨ੍ਹਾਂ ਦਾ ਦਾਅਵਾ ਹੈ ਕਿ ਕੰਪਨੀਆਂ ਨੇ ਦਿੱਲੀ ਨੂੰ ਸਿੱਧਾ ਜਵਾਬ ਦਿੱਤਾ ਹੈ ਕਿ ਉਹ ਸਿਰਫ਼ ਅਤੇ ਸਿਰਫ਼ ਭਾਰਤ ਸਰਕਾਰ ਨਾਲ ਹੀ ਸੌਦਾ ਕਰਨਗੀਆਂ। ਅਜਿਹੇ ਵਿੱਚ ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਵੈਕਸੀਨ ਦਾ ਆਯਾਤ ਕਰੇ ਅਤੇ ਸੂਬਿਆਂ ਨੂੰ ਉਪਲੱਬਧ ਕਰਵਾਏ। ਅਜਿਹੀ ਹੀ ਗੱਲ ਪੰਜਾਬ ਸਰਕਾਰ ਨੇ ਵੀ ਕਹੀ ਹੈ। ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਤੇ ਕੋਵਿਡ ਵੈਕਸੀਨੇਸ਼ਨ ਦੇ ਨੋਡਲ ਅਫ਼ਸਰ ਵਿਕਾਸ ਗਰਗ ਨੇ ਦੱਸਿਆ ਕਿ ਸਰਕਾਰ ਨੇ ਮਾਡਰਨਾ ਤੋਂ ਵੈਕਸੀਨ ਨੂੰ ਲੈ ਕੇ ਸੰਪਰਕ ਕੀਤਾ ਸੀ ਪਰ ਕੰਪਨੀ ਨੇ ਉਸ ਨਾਲ ਸਿੱਧੇ ਡੀਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਵੈਕਸੀਨ ਨੂੰ ਲੈ ਕੇ ਸਿਰਫ਼ ਕੇਂਦਰ ਨਾਲ ਗੱਲ ਕਰਦੀ ਹੈ। ਜਿਕਰਯੋਗ ਹੈ ਕਿ ਦਿੱਲੀ ਵਿੱਚ ਵੈਕਸੀਨ ਦੀ ਜ਼ਬਰਦਸਤ ਕਿੱਲਤ ਚੱਲ ਰਹੀ ਹੈ। 13 ਦਿਨਾਂ ਤੋਂ ਕੋਵੈਕਸੀਨ ਦਾ ਸਟਾਕ ਖ਼ਤਮ ਹੈ ਅਤੇ ਅੱਜ ਕੋਵੀਸ਼ੀਲਡ ਵੈਕਸੀਨ ਵੀ ਖ਼ਤਮ ਹੋਣ ਦੀ ਜਾਣਕਾਰੀ ਸੀ।

VIA PUNJAB