ਬੇਅਦਬੀ ਮਾਮਲਿਆਂ ’ਚ ਕਾਰਵਾਈ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ : ਕੈਪਟਨ

ਕਿਸੇ ਵੀ ਤਰ੍ਹਾਂ ਦੇ ਗਰਮਖਿਆਲੀ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਹਰਗਿਜ਼ ਨਹੀਂ ਦਿੱਤੀ ਜਾਵੇਗੀ

ਚੰਡੀਗੜ੍ਹ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੌੜੇ ਰਾਜਸੀ ਹਿੱਤਾਂ ਦੀ ਖਾਤਰ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ਦਾ ਸਿਆਸੀਕਰਨ ਕਰਨ ਵਾਲਿਆਂ ’ਤੇ ਵਰ੍ਹਦਿਆਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਵਾਪਰੇ ਗੋਲੀਕਾਂਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਬਾਰੇ ਉਨ੍ਹਾਂ ਵੱਲੋਂ ਕੀਤੇ ਵਾਅਦੇ ਤੋਂ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਬਰਗਾੜੀ ਵਿੱਚ ਹਾਲਾਤ ਕਾਬੂ ਤੋਂ ਬਾਹਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਜਦੋਂ ਮੁੱਖ ਮੰਤਰੀ ਨੂੰ ਇਹ ਪੁੱਛਿਆ ਕਿ ਬਰਗਾੜੀ ਗਰਮਖਿਆਲੀਆਂ ਦੇ ਇਕੱਤਰਤਾ ਦਾ ਕੇਂਦਰ ਬਣਦਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਕੁਝ ਲੋਕ ਇਸ ਮੁੱਦੇ ਦਾ ਸਿਆਸੀਕਰਨ ਕੀਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੂਬੇ ਦੇ ਲੋਕ ਅਮਨਪਸੰਦ ਹਨ ਜਿਸ ਕਰਕੇ ਇਸ ਮੁੱਦੇ ਤੋਂ ਸਿਆਸੀ ਲਾਹਾ ਖੱਟਣ ਵਾਲੇ ਅਜਿਹੇ ਤੱਤਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਵੇਗਾ। ਮੁੱਖ ਮੰਤਰੀ ਨੇ ਗਰਮਖਿਆਲੀਆਂ ਨੂੰ ਪੰਜਾਬ ਵਿੱਚ ਸਖ਼ਤ ਘਾਲਣਾ ਘਾਲ ਕੇ ਕਾਇਮ ਕੀਤੀ ਸ਼ਾਂਤੀ ਵਿੱਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਤਾੜਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹਾਸਲ ਲੈਣ ਲਈ ਗਰਮਖਿਆਲੀਆਂ ਦਾ ਸਮਰਥਨ ਕਰਨ ਬਾਰੇ ਪੁੱਛੇ ਜਾਣ ਬਾਰੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਅਜਿਹੇ ਗਰੁੱਪਾਂ ਨਾਲ ਕਦੇ ਵੀ ਕੋਈ ਨਾਤਾ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹਾਸਲ ਕਰਨ ਵਿੱਚ ਜੇਕਰ ਸਿੱਖਾਂ ਦਾ ਕੋਈ ਨਰਮਖਿਆਲੀ ਗਰੁੱਪ ਚੋਣ ਮੈਦਾਨ ਵਿੱਚ ਉਤਰਦਾ ਹੈ ਤਾਂ ਉਹ ਉਨ੍ਹਾਂ ਦੀ ਹਮਾਇਤ ਕਰਨਗੇ ਕਿਉਂਕਿ ਬਾਦਲਾਂ ਨੂੰ ਇੱਥੋਂ ਬਾਹਰ ਦਾ ਰਸਤਾ ਵਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘‘ਬਾਦਲਾਂ ਨੇ ਗੁਰਦੁਆਰਿਆਂ ਨੂੰ ਬਰਬਾਦ ਕਰ ਦਿੱਤਾ।’’ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਬਾਦਲ ਦਾ ਸਵਾਲ ਹੈ, ਉਹ ਉਦਾਰਵਾਦੀ ਨਹੀਂ ਸਗੋਂ ਇਕ ਮੌਕਾਪ੍ਰਸਤ ਹੈ ਜੋ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਹਰੇਕ ਤਰ੍ਹਾਂ ਦੇ ਲੋਕਾਂ ਨੂੰ ਵਰਤਦਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਰਗਾੜੀ ਤੇ ਹੋਰ ਘਟਨਾਵਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ ਪਰ ਕਾਨੂੰਨ ਤਹਿਤ ਮੈਂ ਟੀਮ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਤੋਂ ਜਾਣੂੰ ਹੈ ਜਿਸ ਕਰਕੇ ਉਹ ਆਪਣੀ ਜਾਂਚ ਨੂੰ ਲਮਕਾਏਗੀ ਨਹੀਂ।

VIA PUNJAB