ਮਹਾਰਾਸ਼ਟਰ ’ਚ ਨਕਸਲੀ ਹਮਲੇ ਦੌਰਾਨ 16 ਜਵਾਨ ਸ਼ਹੀਦ-ਕਈ ਜ਼ਖ਼ਮੀ

ਗਸ਼ਤ ਕਰ ਰਹੇ ਜਵਾਨਾਂ ਦੀ ਜੀਪ ’ਤੇ ਕੀਤਾ ਆਈ.ਈ.ਡੀ. ਧਮਾਕਾ

ਗੜ੍ਹਚਿਰੌਲੀ – ਮਹਾਰਾਸ਼ਟਰ ’ਚ ਨਕਸਲੀਆਂ ਵਲੋਂ ਪੁਲਿਸ ਵਾਹਨ ਉਤੇ ਆਈ.ਈ.ਡੀ. ਧਮਾਕਾ ਕੀਤਾ ਗਿਆ। ਖ਼ਬਰਾਂ ਅਨੁਸਾਰ ਛਤੀਸਗੜ੍ਹ ਤੇ ਕਾਂਕੇਰ ਜ਼ਿਲ੍ਹੇ ਵਿਚ ਪਖਾਂਜੂਰ ਦੀ ਹਦ ਨਾਲ ਲਗਦੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਨਕਸਲੀਆਂ ਨੇ ਇਸ ਵਡੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਬੁਧਵਾਰ ਦੁਪਹਿਰੇ ਨਕਸਲੀਆਂ ਨੇ ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋ ਦੇ ਵਾਹਨ ਨੂੰ ਆਈ.ਡੀ. ਧਮਾਕਾ ਕਰ ਕੇ ਉਡਾ ਦਿਤਾ। ਇਸ ਵਿਚ 16 ਜਵਾਨ ਸ਼ਹੀਦ ਹੋ ਗਏ, ਜਦੋਂ ਕਿ 13 ਜਵਾਨ ਜ਼ਖ਼ਮੀ ਹੋਏ ਹਨ। ਨਕਸਲੀ ਇਸ ਖੇਤਰ ਵਿਚ ਬੀਤੀ ਰਾਤ ਤੋਂ ਹੀ ਹੁੜਦੰਗ ਮਚਾ ਰਹੇ ਹਨ। ਮੰਗਲਵਾਰ ਰਾਤ ਨਕਸਲੀਆਂ ਨੇ ਇਸੇ ਇਲਾਕੇ ਵਿਚ ਸੜਕ ਨਿਰਮਾਣ ’ਚ ਲਗੇ 27 ਵਾਹਨ ਸਾੜ ਦਿਤੇ ਸਨ। ਆਈ.ਜੀ. ਗੜ੍ਹਚਿਰੌਲੀ ਰੇਂਜ ਸ਼ਰਦ ਸੇਲਾਰ ਨੇ ਵਾਰਦਾਤ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋ 2 ਨਿਜੀ ਬਸਾਂ ਵਿਚ ਸਵਾਰ ਹੋ ਕੇ ਕੋਰਸੀ ਜਾ ਰਹੇ ਸਨ। ਕੋਰਸੀ, ਛਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਦੀ ਹਦ ਨਾਲ ਲਗਿਆ ਇਲਾਕਾ ਹੈ। ਇਸ ਦੌਰਾਨ ਧਮਾਕਾ ਹੋਇਆ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਿਕਰਯੋਗ ਹੈ ਕਿ ਇਥੇ ਗੜ੍ਹਚਿਰੌਲੀ ਏਰੀਆ ਕਮੇਟੀ ਦੇ ਨਕਸਲੀ ਸਰਗਰਮ ਹਨ ਜੋ ਮਹਾਰਾਸ਼ਟਰ ਅਤੇ ਛਤੀਸਗੜ੍ਹ ਸਰਹਦ ’ਤੇ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਕਰੀਬ 150 ਦੀ ਗਿਣਤੀ ਵਿਚ ਨਕਸਲੀ ਉਥੇ ਮੌਜੂਦ ਸਨ। ਘਟਨਾ ਵਿਚ ਕਈ ਜਵਾਨ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ 2 ਗਡੀਆਂ ਵਿਚ 25 ਸਿਪਾਹੀ ਸਨ। ਦਸ ਦੇਈਏ ਕਿ ਦੋਵੇਂ ਗਡੀਆਂ ਗਸ਼ਤ ਉਤੇ ਸਨ। ਜਾਣਕਾਰੀ ਮੁਤਾਬਿਕ ਇਸ ਹਮਲੇ ਵਿਚ ਗਡੀ ਚਲਾਉਣ ਵਾਲੇ ਡਰਾਈਵਰ ਦੀ ਵੀ ਮੌਤ ਹੋ ਗਈ। ਆਈ.ਜੀ. ਗੜ੍ਹਚਿਰੌਲੀ ਸ਼ਰਦ ਸੇਲਾਰ ਨੇ ਦਸਿਆ ਕਿ ਹਮਲਾ ਬਹੁਤ ਖਤਰਨਾਕ ਸੀ। ਇਹ ਜਵਾਨ ਇਕ ਪ੍ਰਾਈਵੇਟ ਜੀਪ ਰਾਹੀਂ ਯਾਤਰਾ ਕਰ ਰਹੇ ਸਨ। 16 ਜਵਾਨ ਜੀਪ ਵਿਚ ਸਵਾਰ ਸਨ, ਪੂਰੀ ਸਥਿਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਸ਼ਰਦ ਨੇ ਕਿਹਾ ਕਿ ਸਾਲ 2018 ਵਿਚ 22 ਅਪ੍ਰੈਲ, 2018 ਨੂੰ ਏਟਾਪਲੀ ਵਿਚ ਇਕ ਅਪਰੇਸ਼ਨ ਦੌਰਾਨ 40 ਨਕਸਲੀ ਮਾਰੇ ਗਏ ਸਨ, ਇਸੇ ਦੇ ਬਦਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ।

VIA PUNJAB