ਮਾਤਾ ਗੁਜਰੀ ਕਾਲਜ ਵਿਖੇ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਵਪਾਰ ਅਤੇ ਕਾਰੋਬਾਰ ‘ਤੇ ਗਲੋਬਲ ਸੰਕਟ ਦਾ ਪ੍ਰਭਾਵ’ ਵਿਸ਼ੇ ‘ਤੇ ਕੌਮਾਂਤਰੀ ਕਾਨਫਰੰਸ

ਫ਼ਤਹਿਗੜ੍ਹ ਸਾਹਿਬ – ਮਾਤਾ ਗੁਜਰੀ ਕਾਲਜ ਵਿਖੇ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਵਪਾਰ ਅਤੇ ਕਾਰੋਬਾਰ ‘ਤੇ ਗਲੋਬਲ ਸੰਕਟ ਦਾ ਪ੍ਰਭਾਵ’ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾ. ਪੁਸ਼ਪਿੰਦਰ ਸਿੰਘ ਗਿੱਲ, ਪ੍ਰੋਫੈਸਰ ਅਤੇ ਡੀਨ (ਐਕਸਟਰਨਲ ਸੈਂਟਰ), ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਵਿਸ਼ਵੀਕਰਨ ਦੇ ਵੱਖ-ਵੱਖ ਤੱਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਇਹਨਾਂ ਤੱਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਤੱਤ ਹੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ। ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਉਹਨਾਂ ਕਿਹਾ , ”ਵਿਸ਼ਵ ਪੱਧਰ ‘ਤੇ ਅਰਥ ਸੰਕਟ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਜਿਹਨਾਂ ਦਾ ਪ੍ਰੱਤਖ ਪ੍ਰਭਾਵ ਵੱਖ-ਵੱਖ ਦੇਸ਼ਾਂ ਦੇ ਵਪਾਰ ਅਤੇ ਕਾਰੋਬਾਰ ‘ਤੇ ਪੈ ਰਿਹਾ ਹੈ। ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਉਥੋਂ ਦੇ ਵਪਾਰ ਅਤੇ ਕਾਰੋਬਾਰ ‘ਤੇ ਨਿਰਭਰ ਕਰਦੀ ਹੈ। ਲੋੜ ਹੈ ਖੋਜਾਰਥੀਆਂ ਨੂੰ ਨਵੀਆਂ ਖੋਜਾਂ ਕਰਨ ਦੀ ਤਾਂ ਜੋ ਆਰਥਿਕ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ”। ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਰਥ ਵਿਵਸਥਾ ਵਿਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ। ਵਿਸ਼ਵ ਪੱਧਰ ਤੇ ਚੱਲ ਰਹੇ ਸੰਕਟ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਦੇਸ਼ ਤਰੱਕੀ ਦੀ ਰਾਹ ‘ਤੇ ਤਾਂ ਹੀ ਚੱਲ ਸਕਦੇ ਹਨ ਜੇਕਰ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇ। ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ ਕਿ ਵਪਾਰ ਅਤੇ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੂਰਾ ਵਿਸ਼ਵ ਇਕ ਦੂਜੇ ‘ਤੇ ਨਿਰਭਰ ਹੈ ਤੇ ਆਰਥਿਕ ਵਿਕਾਸ ਲਈ ਤਕਨੀਕਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।” ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸ਼ਵਨੀ ਭੱਲਾ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਮੰਤਵ ਖੋਜਾਰਥੀਆਂ ਅਤੇ ਸਿਖਿਆਰਥੀਆਂ ਨੂੰ ਅਜਿਹਾ ਵਾਤਾਵਰਨ ਪ੍ਰਦਾਨ ਕਰਨਾ ਹੈ ਜਿਸ ਨਾਲ ਉਹ ਵੱਧ ਤੋਂ ਵੱਧ ਖੋਜ ਕਰ ਸਕਣ ਅਤੇ ਵਪਾਰ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਿਚ ਆਪਣਾ ਯੋਗਦਾਨ ਦੇ ਸਕਣ। ਇਸ ਸਮੇਂ ਇਹ ਮਹਤੱਵਪੂਰਨ ਤੱਤ ਵਿਸ਼ਵ ਪੱਧਰ ਦੇ ਸੰਕਟਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਲੋੜ ਹੈ ਇਹਨਾਂ ਸੰਕਟਾਂ ਨੂੰ ਵਿਚਾਰਨ ਦੀ ਅਤੇ ਉਹਨਾਂ ਦੇ ਹੱਲ ਲੱਭਣ ਦੀ। ਉਹਨਾਂ ਪਿੰਡਾਂ ਅਤੇ ਕਿਸਾਨੀ ਸਮੱਸਿਆਵਾਂ ‘ਤੇ ਝਾਤ ਪਾਉਂਦਿਆਂ ਮਨਰੇਗਾ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਡਾ. ਬਿਕਰਮਜੀਤ ਸਿੰਘ, ਮੁਖੀ, ਕਾਮਰਸ ਵਿਭਾਗ, ਮਾਤਾ ਗੁਜਰੀ ਕਾਲਜ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਇਹ ਕਾਨਫਰੰਸਾਂ ਖੋਜਾਰਥੀਆਂ ਅਤੇ ਸਿੱਖਿਆਰਥੀਆਂ ਨੂੰ ਵੱਧ ਤੋਂ ਵੱਧ ਸਮੱਸਿਆਵਾਂ ਬਾਰੇ ਸੋਚਣ ਅਤੇ ਉਹਨਾਂ ਦਾ ਹੱਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਡਾ. ਮਹੇਸ਼ ਜੋਸ਼ੀ, ਆਰ.ਐਮ.ਆਈ.ਟੀ. ਯੂਨੀਵਰਸਿਟੀ, ਆਸਟਰੇਲਿਆ, ਡਾ. ਬੀ.ਐਸ. ਵਿਰਕ (ਪ੍ਰੋਫੈਸਰ, ਸਰਕਾਰੀ ਕਾਲਜ, ਕਪੂਰਥਲਾ), ਡਾ. ਅਮਰਇੰਦਰ ਸਿੰਘ, ਡਾਇਰੈਕਟਰ ਆਈ.ਏ.ਐਸ. ਸਟੱਡੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਪ੍ਰਦੀਪ ਵਾਲੀਆ, ਪ੍ਰੋਫੈਸਰ, ਜੀ. ਸੀ. ਜੀ. ਚੰਡੀਗੜ੍ਹ ਅਤੇ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ, ਖ਼ਾਲਸਾ ਕਾਲਜ, ਪਟਿਆਲਾ, ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ, ਪ੍ਰੋ. ਮੁਹੰਮਦ ਅਨਵਰ ਨੇ ਵੱਖ-ਵੱਖ ਵਿਸ਼ਵੀ ਸੰਕਟਾਂ ਦੀ ਚਰਚਾ ਕਰਦਿਆਂ ਉਹਨਾਂ ਦੇ ਕਾਰੋਬਾਰ ਅਤੇ ਵਪਾਰ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕੀਤੀ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਖੋਜਾਰਥੀ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

VIA PUNJAB