ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੀ ਯਾਤਰਾ ਸਿੱਖਾਂ ਤੱਕ ਸੀਮਿਤ ਕਰਨ ਦੇ ਕਦਮ ’ਤੇ ਰੋਸ ਪ੍ਰਗਟਾਇਆ

ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਸਮਝੌਤੇ ’ਤੇ ਹਸਤਾਖ਼ਰ ਕਰਨ ਤੋਂ ਪਹਿਲਾਂ ਯਾਤਰਾ ਨਾਲ ਸਬੰਧਤ ਸਾਰੇ ਮਸਲੇ ਚੁੱਕਣ ਦੀ ਅਪੀਲ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਇਜਾਜ਼ਤ ਦੇਣ ਸਬੰਧੀ ਪਾਕਿਸਤਾਨ ਦੇ ਪ੍ਰਸਤਾਵ ’ਤੇ ਸਖ਼ਤ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਰਵ ਵਿਆਪਕ ਗੁਰੂ ਹਨ ਜਿਨ੍ਹਾਂ ਦੇ ਸ਼ਰਧਾਲੂ ਸਾਰੇ ਧਰਮਾਂ ਖਾਸ ਤੌਰ ’ਤੇ ਹਿੰਦੂ ਧਰਮ ਨਾਲ ਵੀ ਜੁੜੇ ਹੋਏ ਹਨ। ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਦੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਆਪਣੇ ਅਧਿਕਾਰ ਖੇਤਰ ਵਿੱਚ ਪ੍ਰਵੇਸ਼ ਨੂੰ ਨਿਯਮਤ ਕਰਨ ਲਈ ਸਮਝੌਤੇ ਦਾ ਖਰੜਾ ਭੇਜਿਆ ਜਾਵੇਗਾ ਤਾਂ ਉਸ ਵੇਲੇ ਇਹ ਮਸਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ। ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ਕ ਪਾਕਿਸਤਾਨ ਨੂੰ ਆਪਣੇ ਅਧਿਕਾਰ ਖੇਤਰ ਦੀ ਸੁਰੱਖਿਆ ਨਾਲ ਸਬੰਧਤ ਸ਼ਰਤਾਂ ਤੈਅ ਕਰਨ ਦਾ ਪੂਰਾ ਹੱਕ ਹੈ ਪਰ ਇਸ ਪੱਖ ਨੂੰ ਵੀ ਵਿਚਾਰਨਾ ਚਾਹੀਦਾ ਹੈ ਕਿ ਪਹਿਲੇ ਪਾਤਸ਼ਾਹ ਦੀ ਵਿਚਾਰਧਾਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚਲਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸਿਧਾਂਤਾਂ ਵਿੱਚ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਅਤੇ ਇੱਥੋਂ ਤੱਕ ਕਿ ¦ਗਰ ਦੀ ਸੇਵਾ ਦਾ ਸੰਕਲਪ ਵੀ ਜਾਤ-ਪਾਤ ਤੋਂ ਰਹਿਤ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਬਿਨਾਂ ਕਿਸੇ ਧਾਰਮਿਕ ਪੱਖਪਾਤ ਤੋਂ ਹਰੇਕ ਮਨੁੱਖ ਲਈ ਹਮੇਸ਼ਾ ਖੁੱਲ੍ਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਹਿੰਦੂ ਪਰਿਵਾਰਾਂ ਵਿੱਚ ਆਪਣੇ ਵੱਡੇ ਪੁੱਤਰਾਂ ਨੂੰ ਸਿੱਖ ਸਜਾਉਣ ਦੀ ਰਵਾਇਤ ਸਾਲਾਂਬੱਧੀ ਚਲਦੀ ਆਈ ਹੈ ਅਤੇ ਭਾਰਤ ਵਿੱਚ ਸਿੱਖ ਧਰਮ ਪ੍ਰਤੀ ਵਿਸ਼ਵਾਸ ਏਨਾ ਡੂੰਘਾ ਹੈ ਕਿ ਦੂਸਰੇ ਧਰਮਾਂ ਨੂੰ ਇਸ ਵਿਸ਼ਵਾਸ ਤੋਂ ਵਾਂਝਾ ਰੱਖਣ ਦੀ ਪਾਕਿਸਤਾਨ ਦੀ ਸਰਕਾਰ ਨੂੰ ਸੋਚ ਵੀ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਇਸ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝਾ ਰੱਖਣਾ ਕਿ ਉਹ ਸਿੱਖ ਨਹੀਂ ਹਨ, ਪੂਰੀ ਤਰ੍ਹਾਂ ਅਨਿਆਂਪੂਰਨ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਹ ਮਸਲਾ ਪਾਕਿਸਤਾਨ ਸਰਕਾਰ ਨਾਲ ਪਹਿਲ ਦੇ ਆਧਾਰ ’ਤੇ ਉਠਾਉਣ ਦੀ ਅਪੀਲ ਕੀਤੀ।

VIA PUNJAB