ਮੁੱਖ ਮੰਤਰੀ ਵੱਲੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

ਇਕ ਕੈਦੀ ਦੀ ਮੌਤ ਅਤੇ ਬੈਰਕਾਂ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਪੰਜ ਹਵਾਲਾਤੀ ਜ਼ਖਮੀ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ।ਇਸ ਘਟਨਾ ਵਿੱਚ ਇਕ ਕੈਦੀ ਦੇ ਮਾਰੇ ਜਾਣ ਜਦਕਿ ਪੰਜ ਕੈਦੀਆਂ ਅਤੇ ਲਗਭਗ ਅੱਧੀ ਦਰਜਨ ਪੁਲੀਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਇਸ ਘਟਨਾ ਦੀ ਵਿਸਥਾਰ ਵਿੱਚ ਜਾਂਚ ਕਰਕੇ ਹਿੰਸਾ ਲਈ ਉਕਸਾਉਣ ਵਾਲਿਆਂ ਦੀ ਸ਼ਨਾਖਤ ਕਰਨ ਲਈ ਆਖਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਕ ਕੈਦੀ ਸਨੀ ਸੂਦ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਖਬਰ ਜੇਲ੍ਹ ਵਿੱਚ ਪਹੁੰਚਣ ਤੋਂ ਬਾਅਦ ਸਵੇਰੇ ਲਗਭਗ 11:30 ਵਜੇ ਹਿੰਸਾ ਵਾਪਰੀ। ਸਨੀ ਸੂਦ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਇਕ ਮਾਮਲੇ ਵਿੱਚ ਵਿਚਾਰ ਅਧੀਨ ਹੈ।ਮੁੱਢਲੀ ਜਾਣਕਾਰੀ ਮੁਤਾਬਕ ਸਨੀ ਸੂਦ ਦੀ ਮੌਤ ਦੀ ਖਬਰ ਤੋਂ ਬਾਅਦ ਜੇਲ੍ਹ ਵਿੱਚ ਦੰਗੇ ਹੋਏ ਅਤੇ 3100 ਦੇ ਕਰੀਬ ਹਵਾਲਾਤੀਆਂ ਨੇ ਆਪਣੀਆਂ ਬੈਰਕਾਂ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਇਹ ਕੈਦੀ ਉਸਾਰੀ ਦੇ ਚੱਲ ਰਹੇ ਕੰਮ ਲਈ ਬੈਰਕਾਂ ਤੋਂ ਬਾਹਰ ਸਨ। ਦੰਗਾਕਾਰੀ ਕੈਦੀਆਂ ਨੇ ਰਿਕਾਰਡ ਰੂਮ ਦੇ ਨਾਲ ਜੇਲ੍ਹ ਸੁਪਰਡੰਟ ਦੀ ਕਾਰ ਨੂੰ ਅੱਗ ਲਾ ਦਿੱਤੀ ਅਤੇ ਜੇਲ੍ਹ ਦੀ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।ਮੁਢਲੀਆਂ ਰਿਪੋਰਟਾਂ ਮੁਤਾਬਕ ਕੈਦੀਆਂ ਨੇ ਜਦੋਂ ਗੇਟ ਭੰਨਣ ਦੀ ਕੋਸ਼ਿਸ਼ ਕੀਤੀ ਤਾਂ ਜੇਲ੍ਹ ਪੁਲਿਸ ਨੇ ਹਵਾਈ ਫਾਇਰ ਕਰਕੇ ਇਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ। ਇਸ ਦੌਰਾਨ ਲੁਧਿਆਣਾ ਦੇ ਡੀ.ਸੀ.ਪੀ. ਅਸ਼ਵਨੀ ਕੁਮਾਰ ਸਥਿਤੀ ਨੂੰ ਕਾਬੂ ਕਰਨ ਲਈ ਅਥਰੂ ਗੈਸ ਛੱਡਣ ਵਾਲੇ ਵਾਹਨ ਅਤੇ 250-300 ਪੁਲੀਸ ਮੁਲਾਜ਼ਮਾਂ ਦੀ ਵਾਧੂ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ। ਇਸੇ ਤਰ੍ਹਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਆਈ.ਜੀ. ਜੇਲ੍ਹਾਂ ਐਲ.ਐਸ. ਜਾਖੜ ਵੀ ਮੌਕੇ ‘ਤੇ ਪਹੁੰਚੇ।ਸਥਿਤੀ ਨੂੰ ਅਖੀਰ ਦੁਪਹਿਰ 1:30 ਵਜੇ ਕਾਬੂ ਕਰ ਲਿਆ ਗਿਆ ਜਦੋਂ ਸਾਰੇ ਕੈਦੀਆਂ ਨੂੰ ਬੈਰਕਾਂ ਵਿੱਚ ਵਾਪਸ ਭੇਜ ਦਿੱਤਾ।ਇਸ ਹਿੰਸਾ ਵਿੱਚ ਮਾਰੇ ਗਏ ਕੈਦੀ ਦੀ ਪਛਾਣ ਅਜੀਤ ਬਾਬਾ ਪੁੱਤਰ ਹਰਜਿੰਦਰ ਸਿੰਘ ਜਦਕਿ ਜਖ਼ਮੀ ਹੋਣ ਵਾਲਿਆਂ ਵਿੱਚ ਵਿਸ਼ਾਲ ਕੁਮਾਰ ਪੁੱਤਰ ਰਕੇਸ਼ ਸ਼ਰਮਾ ਵਾਸੀ ਦਾਬਾ, ਪ੍ਰਿੰਸ ਪੁੱਤਰ ਰਾਜਪਾਲ ਵਾਸੀ ਸਿਵਲ ਲਾਈਨਜ਼ ਲੁਧਿਆਣਾ, ਸੁਨੀਲ ਪੁੱਤਰ ਬਾਬੂ ਰਾਮ ਵਾਸੀ ਹਾਜੀਪੁਰ (ਹੁਸ਼ਿਆਰਪੁਰ), ਰਣਬੀਰ ਪੁੱਤਰ ਸੁਖਦੇਵ ਵਾਸੀ ਗੋਬਿੰਦ ਨਗਰ ਜਲੰਧਰ ਅਤੇ ਪੰਕਜ ਪੁੱਤਰ ਵੀਰਪਾਲ ਵਾਸੀ ਤਾਜਪੁਰ ਰੋਡ ਲੁਧਿਆਣਾ ਸ਼ਾਮਲ ਹਨ।ਅੱਜ ਇੱਥੇ ਕੁਝ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਵਿਗੜ ਜਾਣ ਵਾਲੀ ਕੋਈ ਗੱਲ ਨਹੀਂ ਹੈ ਜਦਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੇ ਮੁਲਕ ‘ਚੋਂ ਬਿਹਤਰ ਹੈ।ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ੇ ਦੀ ਮੰਗ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ, ”ਅਸਲ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੋਲ ਅਜਿਹੀਆਂ ਬੇਤੁੱਕੀਆਂ ਮੰਗਾਂ ਤੋਂ ਇਲਾਵਾ ਕੋਈ ਉਸਾਰੂ ਗੱਲ ਕਰਨ ਨੂੰ ਨਹੀਂ। ਸਥਿਤੀ ਨਾਲ ਨਜਿੱਠਿਆ ਜਾਵੇਗਾ ਅਤੇ ਅਸੀਂ ਨਜਿੱਠ ਰਹੇ ਹਾਂ।”

VIA PUNJAB