ਮੋਦੀ ਵੱਲੋਂ ਕੇਐਮਪੀ ਐਕਸਪ੍ਰੈੱਸਵੇਅ ਦਾ ਉਦਘਾਟਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਐਮਪੀ ਐਕਸਪ੍ਰੈਸਵੇਅ ਦੇ ਕੁੰਡਲੀ-ਮਾਨੇਸਰ ਹਿੱਸੇ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੀ ਪਿਛਲੀ ਕਾਂਗਰਸ ਸਰਕਾਰ ਨੂੰ ਪ੍ਰਾਜੈਕਟਾਂ ਵਿੱਚ ਅੜਿੱਕੇ ਪਾਉਣ ਲਈ ਨਿੰਦਦਿਆਂ ਕਿਹਾ ਕਿ ਇਸ ਨਾਲ ਰਾਜ ਨੂੰ ਘਾਟਾ ਪਿਆ। ਸ੍ਰੀ ਮੋਦੀ ਨੇ ਸੁਲਤਾਨਪੁਰ (ਗੁਰੂਗ੍ਰਾਮ) ਵਿਚ ਇਕੱਠੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਲਈ ਅਹਿਮ ਹੈ ਕਿ ਇਹ 135 ਕਿਲੋਮੀਟਰ ਦੀ ਸੜਕ ਪੂਰੀ ਹੋਈ ਹੈ। ਉਨ੍ਹਾਂ ਸੁਲਤਾਨਪੁਰ ਵਿਖੇ ਰਿਮੋਟ ਰਾਹੀਂ ਸ੍ਰੀ ਵਿਸ਼ਵਕਰਮਾ ਹੁਨਰ ਯੂਨੀਵਰਸਿਟੀ ਦੀ ਨੀਂਹ-ਪੱਥਰ ਵੀ ਰੱਖਿਆ ਜੋ ਪਲਵਲ ਦੇ ਦੂਧੌਲਾ ਵਿਖੇ ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ। ਉਨ੍ਹਾਂ ਕਾਂਗਰਸ ਦਾ ਬਿਨ੍ਹਾਂ ਨਾਂ ਲਏ ਹੋਏ ਕਿਹਾ ਕਿ ਅਟਕਾਉਣ, ਭਟਕਾਉਣ ਤੇ ਲਟਕਾਉਣ ਵਾਲੇ ਸੱਭਿਆਚਾਰ ਕਾਰਨ ਹਰਿਆਣਾ ਦੀ ਜਨਤਾ ਦਾ ਕਿੰਨਾ ਨੁਕਸਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਇੱਕ ਪਾਸੇ ਕੰਮ ਦ੍ਰਿੜਤਾ ਨਾਲ ਪੂਰਾ ਹੁੰਦਾ ਹੈ ਦੂਜੇ ਪਾਸੇ ਪਿਛਲੇ ਸਮੇਂ ਦੌਰਾਨ ਕਿੰਨੇ ਕੁ ਕੰਮ ਸਿਰੇ ਚੜ੍ਹੇ ਸਨ ਤੇ ਇਸ ਐਕਸਪ੍ਰੈਸਵੇਅ ਦਾ ਕੰਮ 12 ਸਾਲ ਲਟਕਿਆ ਜਦੋਂ ਕਿ ਇਹ 8-9 ਸਾਲ ਦੌਰਾਨ ਪੂਰਾ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੇਐਮਪੀ ਐਕਸਪ੍ਰੈਸਵੇਅ ’ਤੇ ਮੈਟਰੋ ਲਿੰਕ ਪ੍ਰਾਜੈਕਟ ਸੰਪਰਕ ਕ੍ਰਾਂਤੀ ਲਿਆਉਣਗੇ ਤੇ ਉਸੇ ਸਮੇਂ ਯੂਨੀਵਰਸਿਟੀ ਨੌਜਵਾਨਾਂ ਨੂੰ ਤਾਕਤਵਰ ਬਣਾਏਗੀ। ਉਨ੍ਹਾਂ ਕਿਹਾ ਕਿ ਐਨਡੀਏ ਦੀ ਸਰਕਾਰ ਬਣਨ ਮਗਰੋਂ ਉਨ੍ਹਾਂ (ਸ੍ਰੀ ਮੋਦੀ) ਨੇ ਹਰਿਆਣਾ ਸਰਕਾਰ ਨਾਲ ਲਗਾਤਾਰ ਬੈਠਕਾਂ ਕਰ ਕੇ ਪ੍ਰਾਜੈਕਟਾਂ ਦਾ ਪਿੱਛਾ ਕੀਤਾ। ਸੁਲਤਾਨਪੁਰ ਵਿਖੇ ਐਕਸਪ੍ਰੈਸਵੇਅ ਨਾਲ ਜੁੜੀ ਪ੍ਰਦਰਸ਼ਨੀ ਵੀ ਉਨ੍ਹਾਂ ਦੇਖੀ ਤੇ ਅਧਿਕਾਰੀਆਂ ਤੋਂ ਪ੍ਰਾਜੈਕਟ ਬਾਰੇ ਜਾਣਕਾਰੀ ਲਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪ੍ਰਾਜੈਕਟ ਵਿੱਚ 9 ਸਾਲ ਦੀ ਦੇਰੀ ਕੀਤੀ। ਹਰਿਆਣਾ ਦੇ ਰਾਜਪਾਲ ਸਤਿਆਯਾਦਵ ਨਰਾਇਣ ਆਰੀਆ ਵੀ ਇਸ ਮੌਕੇ ਹਾਜ਼ਰ ਸਨ। ਪ੍ਰਾਜੈਕਟ ‘ਤੇ 6400 ਕਰੋੜ ਖਰਚ ਹੋਏ ਤੇ 3846 ਏਕੜ ਜ਼ਮੀਨ 2788 ਕਰੋੜ ਦਾ ਮੁਆਵਜ਼ਾ ਦੇ ਕੇ ਗ੍ਰਹਿਣ ਕੀਤੀ ਗਈ।

VIA PUNJAB