ਯੂ. ਪੀ ਵਿੱਚ ਸੜਕ ਹਾਦਸੇ ਦੌਰਾਨ ਦਿੱਲੀ ਜਾ ਰਹੀ ਬੱਸ ਦੇ 29 ਵਿਅਕਤੀਆਂ ਦੀ ਮੌਤ

ਲਖਨਊ – ਉੱਤਰ ਪ੍ਰਦੇਸ਼ (ਯੂ. ਪੀ.) ਦੇ ਆਗਰਾ ਵਿੱਚ ਅੱਜ ਤੜਕੇ ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਯਮੁਨਾ ਐਕਸਪ੍ਰੈਸ ਵੇਅ ਤੇ ਝਰਨਾ ਨਾਲੇ ਵਿੱਚ ਡਿੱਗ ਗਈ, ਜਿਸ ਕਾਰਨ ਇਸ ਵਿੱਚ ਸਵਾਰ 29 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ| ਪੁਲੀਸ ਅਤੇ ਰਾਹਤ ਦਲ ਮੌਕੇ ਤੇ ਮੌਜੂਦ ਹੈ| ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਅਤੇ ਪੁਲੀਸ ਮੁਖੀ ਨੂੰ ਜ਼ਖਮੀ ਲੋਕਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣ ਦਾ ਹੁਕਮ ਦਿੱਤਾ ਹੈ| ਇਹ ਬੱਸ ਅਵਧ ਡਿਪੂ ਦੀ ਸੀ ਜੋ ਲਖਨਊ ਤੋਂ ਦਿੱਲੀ ਜਾ ਰਹੀ ਸੀ| ਘਟਨਾ ਮਗਰੋਂ ਯੂ. ਪੀ. ਰੋਡਵੇਜ਼ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ| ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ| ਇਸ ਘਟਨਾ ਵਿੱਚ 2 ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਹਨ| ਬੱਸ ਵਿੱਚ ਲਗਭਗ 50 ਯਾਤਰੀ ਸਵਾਰ ਸਨ| ਇਹ ਘਟਨਾ ਤੜਕਸਾਰ 4.30 ਵਜੇ ਦੀ ਦੱਸੀ ਜਾ ਰਹੀ ਹੈ| ਜ਼ਖਮੀ ਲੋਕਾਂ ਵਿੱਚ ਮਹਿਲਾਵਾਂ ਤੇ ਬੱਚੇ ਵੀ ਹਨ| ਇਕ ਉੱਚ ਪੁਲੀਸ ਅਧਿਕਾਰੀ ਬਬਲੂ ਕੁਮਾਰ ਮੁਤਾਬਕ, ਲਖਨਊ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਯਮੁਨਾ ਐਕਸਪ੍ਰੈਸ ਵੇਅ ਤੇ ਝਰਨਾ ਨਾਲੇ ਵਿੱਚ ਡਿੱਗ ਗਈ| ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ| ਜ਼ਖਮੀ ਲੋਕਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ| ਨਾਲੇ ਵਿੱਚ ਡਿੱਗੀ ਬੱਸ ਨੂੰ ਵੀ ਕ੍ਰੇਨ ਦੀ ਸਹਾਇਤਾ ਨਾਲ ਬਾਹਰ ਕੱਢਿਆ ਜਾ ਰਿਹਾ ਹੈ| ਜ਼ਖਮੀ ਲੋਕਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ|

VIA PUNJAB