ਰਾਹੁਲ ਗਾਂਧੀ ਵੱਲੋਂ ਬਰਗਾੜੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ

ਰੁਜ਼ਗਾਰ ਨੂੰ ਹੁਲਾਰਾ ਦੇਣ ਅਤੇ ਚੀਨ ਨੂੰ ਚੁਣੌਤੀ ਦੇਣ ਲਈ ਲੁਧਿਆਣਾ ਦੇ ਉਦਯੋਗ ਦੀ ਮੁੜ ਸੁਰਜੀਤੀ ਦਾ ਵਾਅਦਾ

ਫਰੀਦਕੋਟ – ਬੇਅਦਬੀ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ‘ਤੇ ਵਰ੍ਹਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ।ਉਨ੍ਹਾਂ ਕਿਹਾ ਕਿ ਇਹ ਜੁਰਮ ਕਰਨ ਵਾਲਿਆਂ ਅਤੇ ਇਸ ਤੋਂ ਬਾਅਦ ਪੁਲੀਸ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ।ਇਸ ਮੌਕੇ ਕੈਪਟਨ ਨੇ ਐਲਾਨ ਕੀਤਾ ਕਿ ਸਾਲ 2015 ਦੌਰਾਨ ਪੁਲਿਸ ਗੋਲੀਬਾਰੀ ਕਾਰਨ ਮਾਰੇ ਗਏ ਵਿਅਕਤੀਆਂ ਦੀ ਯਾਦਗਾਰ ਕਾਇਮ ਕੀਤੀ ਜਾਵੇਗੀ। ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਗੋਲੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਦੌਰਾਨ ਇਸ ਖਿਤੇ ਦੇ ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਰਹਿਮਦਿਲੀ ਦੇ ਹਕਦਾਰ ਨਹੀਂ ਹਨ।ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿਟੂ ਦੇ ਸਮਰਥਨ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿਖੇ ਹਮਲੇ ਕੀਤੇ। ਪਿਛਲੇ 70 ਸਾਲ ਦੌਰਾਨ ਕੋਈ ਵੀ ਵਿਕਾਸ ਨਾ ਹੋਣ ਅਤੇ ਉਨ੍ਹਾਂ ਦੇ ਸਤਾ ਵਿਚ ਆਉਣ ਤੋਂ ਬਾਅਦ ਦੇਸ਼ ਦੇ ਜਾਗਣ ਸਬੰਧੀ ਮੋਦੀ ਦੇ ਦਾਅਵੇ ਨੂੰ ਰਾਹੁਲ ਗਾਂਧੀ ਨੇ ਬੁਰੀ ਤਰ੍ਹਾਂ ਲਤਾੜਿਆ।ਪ੍ਰਧਾਨ ਮੰਤਰੀ ਵਲੋਂ ਸਿਰਫ਼ ਉਨ੍ਹਾਂ ਦੁਆਰਾ ਹੀ ਦੇਸ਼ ਨੂੰ ਚਲਾ ਸਕਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਸਬੰਧ ਵਿਚ ਰਾਹੁਲ ਗਾਂਧੀ ਨੇ ਮੋਦੀ ਨੂੰ ਪੁਛਿਆ,‘‘ਉਦੋਂ ਤੁਸੀਂ ਕਿਥੇ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ?‘‘ ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਆਪਣੇ ਖੂਨ ਅਤੇ ਪਸੀਨੇ ਨਾਲ ਦੇਸ਼ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਦੇਸ਼ ਦੇ ਵਿਕਾਸ ਲਈ ਜਾਤ, ਧਰਮ, ਭਾਈਚਾਰੇ ਦੀ ਥਾਂ ਹਰੇਕ ਭਾਰਤੀ ਨੂੰ ਆਪਣੇ ਨਾਲ ਲੈਣ ਵਿਚ ਵਿਸ਼ਵਾਸ ਰਖਦੀ ਹੈ।ਰੁਜ਼ਗਾਰ ਉਤਪਤੀ ਅਤੇ ਕਿਸਾਨਾਂ ਦੀ ਭਲਾਈ ਕਾਂਗਰਸ ਪਾਰਟੀ ਦੀਆਂ ਮੁਖ ਤਰਜੀਹਾਂ ਹੋਣ ਦੀ ਗਲ ਦੁਹਰਾਉਂਦੇ ਹੋਏ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਕਰੇਗੀ।ਉਨ੍ਹਾਂ ਕਿਹਾ ਕਿ ‘ਮੇਡ ਇਨ ਲੁਧਿਆਣਾ‘ ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ‘ਮੇਡ ਇਨ ਲੁਧਿਆਣਾ‘, ‘ਮੇਕ ਇਨ ਇੰਡੀਆ‘ ਦਾ ਅਨਿਖਵਾਂ ਹਿਸਾ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਤੋਂ ਬਿਨਾਂ ਰੁਜ਼ਗਾਰ ਉਤਪਤੀ ਵਿਚ ਵੀ ਸਫ਼ਲਤਾ ਨਹੀਂ ਮਿਲ ਸਕਦੀ। ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਨੌਜਵਾਨਾਂ ਦੇ ਰੁਜ਼ਗਾਰ ਦਾ ਵਾਅਦਾ ਅਤੇ ਕਿਸਾਨਾਂ ਲਈ ਵਖਰੇ ਬਜਟ ਦਾ ਵਾਅਦਾ ਕਰਦੇ ਹੋਏ ਰਾਹੁਲ ਗਾਂਧੀ ਨੇ ‘ਨਿਆਏ‘ ਦੀ ਚਰਚਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਾ ਕੇਵਲ ਸਾਰੇ ਮੋਰਚਿਆਂ ‘ਤੇ ਅਸਫਲ ਹੋ ਚੁਕੀ ਹੈ ਸਗੋਂ ਇਸ ਨੇ ਮੁਠੀ ਭਰ ਅਮੀਰ ਉਦਯੋਗਪਤੀਆਂ ਦੀ ਮਦਦ ਲਈ ਆਮ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਚੋਰੀ ਕੀਤਾ ਹੈ। ਇਨ੍ਹਾਂ ਮੁਠੀ ਭਰ ਅਮੀਰ ਉਦਯੋਗਪਤੀਆਂ ਵਿਚੋਂ ਕੁਝ ਤਾਂ ਦੇਸ਼ ਛਡ ਕੇ ਹੀ ਭਜ ਗਏ ਹਨ  ਜਿਨ੍ਹਾਂ ਨੂੰ ਕਰੋੜਾਂ ਰੁਪਏ ਦੇ ਕਰਜ਼ਈ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਨਹੀਂ ਤਾੜਿਆ ਗਿਆ।ਮੋਦੀ ਦੇ ‘ਅਛੇ ਦਿਨਾਂ ਦੇ ਵਾਅਦਿਆਂ‘ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਪੰਜ ਸਾਲ ਬਾਅਦ ਮੋਦੀ ਇਸ ਵਿਸ਼ੇ ‘ਤੇ ਕੋਈ ਗਲ ਨਹੀਂ ਕਰ ਰਿਹਾ। ਉਹ ਨੌਕਰੀਆਂ, ਹਰੇਕ ਦੇ ਬੈਂਕ ਖਾਤਿਆਂ ਵਿਚ 15-15 ਲਖ ਰੁਪਏ ਪਾਉਣ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਾਅਦਿਆਂ ਰਾਹੀਂ ਸਤਾ ਵਿਚ ਆਇਆ ਸੀ ਪਰ ਇਸ ਸਬੰਧ ਵਿਚ ਉਸ ਨੇ ਕੁਝ ਵੀ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀਆਂ ਅਗਾਂਹਵਧੂ ਆਰਥਿਕ ਨੀਤੀਆਂ ਦਾ ਮਜ਼ਾਕ ਬਣਾਉਣ ਵਾਲਾ ਮੋਦੀ ਪੰਜ ਸਾਲਾਂ ਵਿਚ ਹੀ ਇਕ ਲਤੀਫਾ ਬਣ ਗਿਆ ਹੈ। ਉਸ ਨੇ ਝੂਠ ਬੋਲ ਕੇ ਅਤੇ ਧੋਖੇ ਦੇ ਨਾਲ ਦੇਸ਼ ਨੂੰ ਛਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿਤਾ ਹੈ ਜਿਸ ਨੂੰ ‘ਨਿਆਏ‘ ਦੇ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ।

VIA PUNJAB