ਵੋਕੇਸ਼ਨਲ ਸਿਖਲਾਈ ਪ੍ਰੋਗਰਾਮ ਬੇਰੁਜ਼ਗਾਰੀ ਦੂਰ ਕਰਨ ਵਿੱਚ ਹੋ ਰਿਹਾ ਹੈ ਕਾਰਗਰ ਸਿੱਧ: ਸੋਨੀ

ਸਿਖਲਾਈ ਪ੍ਰਾਪਤ 480 ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ

ਚੰਡੀਗੜ – ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਕੂਲਾਂ ਵਿੱਚ ਪ੍ਰਾਈਵੇਟ ਕੰਪਨੀਆਂ ਦੀ ਭਾਈਵਾਲੀ ਨਾਲ ਚਲਾਏ ਜਾ ਰਹੇ ਵੋਕੇਸ਼ਨਲ ਸਿਖਲਾਈ ਪ੍ਰੋਗਰਾਮ ਪੰਜਾਬ ਰਾਜ ਵਿੱਚ ਬੇਰੁਜ਼ਗਾਰੀ ਦੂਰ ਕਰਨ ਵਿੱਚ ਕਾਰਗਰ ਸਿੱਧ ਹੋ ਰਿਹਾ ਹੈ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਉਹ ਇੱਥੇ ਆਪਣੇ ਕੈਂਪ ਆਫ਼ਿਸ ਵਿਖੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਊ.ਐਫ.) ਅਧੀਨ ਵੋਕੇਸ਼ਨਲ ਟਰੇਨਿੰਗ ਪਾਰਟਨਰਜ਼ ਨਾਲ ਇਸ ਪ੍ਰੋਗਰਾਮ ਦੀ ਪ੍ਰਗਤੀ ਦਾ ਮੁਲਾਂਕਣ ਕਰ ਰਹੇ ਸਨ।ਸ੍ਰੀ ਸੋਨੀ ਨੇ ਕਿਹਾ ਕਿ ਵਿੱਦਿਅਕ ਵਰਾ 2017-18 ਦੌਰਾਨ ਵੋਕੇਸ਼ਨਲ ਸਿਖਲਾਈ ਪ੍ਰਾਪਤ 500 ਵਿਦਿਆਰਥੀ ਨੌਕਰੀਆਂ ਲਈ ਯੋਗ ਪਾਏ ਗਏ ਸਨ, ਜਿਨਾਂ ਵਿੱਚੋਂ 480 ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਮੀਟਿੰਗ ਦੌਰਾਨ ਇਸ ਪ੍ਰੋਗਰਾਮ ਦਾ ਤਫ਼ਸੀਲ ਪੂਰਵਕ ਮੁਲਾਂਕਣ ਕਰਨ ਮਗਰੋਂ ਵੋਕੇਸ਼ਨਲ ਟਰੇਨਰਜ਼ ਦੀਆਂ ਮੰਗਾਂ ਮੰਨਣ ਦਾ ਫੈਸਲਾ ਲਿਆ ਗਿਆ, ਜਿਸ ਤਹਿਤ ਵੋਕੇਸ਼ਨਲ ਟਰੇਨਰਜ਼ ਦੀਆਂ ਤਨਖਾਹਾਂ ਵਿਚਲੀ ਤਰੁੱਟੀਆਂ ਨੂੰ ਦੂਰ ਕਰਕੇ ਅਗਲੇ ਵਿੱਤ ਵਰੇ ਤੋਂ ਤਨਖਾਹ 18000 ਰੁਪਏ ਕਰਨ, ਸੈਲਰੀ ਸਮੇਂ ਸਿਰ ਦੇਣ, ਟੀ.ਡੀ.ਐਸ. ਦੀ ਕਟੌਤੀ ਬੰਦ ਕਰਨ, ਜਣੇਪਾ ਛੁੱਟੀ ਛੇ ਮਹੀਨੇ ਸਮੇਤ ਤਨਖਾਹ ਦੇਣ, ਵਿਦਿਆਰਥੀਆਂ ਨੂੰ ਦੂਜੇ ਰਾਜਾਂ ਵਿੱਚ ਸਿਖਲਾਈ ਲਈ ਨਾ ਭੇਜਣ ਅਤੇ ਵੋਕੇਸ਼ਨਲ ਟਰੇਨਿੰਗ ਨਾਲ ਸਬੰਧਤ ਕਿਤਾਬਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਉੁਪਲਬਧ ਕਰਵਾਉਣ ਦੇ ਹੁਕਮ ਦਿੱਤੇ ਗਏ।ਇਸ ਮੀਟਿੰਗ ਵਿੱਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ. ਦਫ਼ਤਰ ਵਿੱਚ ਡਿਪਟੀ ਐਸ.ਪੀ.ਡੀ. ਸੁਭਾਸ਼ ਮਹਾਜਨ, ਸਿੱਖਿਆ ਬੋਰਡ ਦੇ ਡਿਪਟੀ ਡਾਇਰੈਕਟਰ ਫੀਲਡ ਰਾਮ ਲੁਭਾਇਆ ਅਤੇ ਇਸ ਪ੍ਰੋਗਰਾਮ ਵਿੱਚ ਭਾਈਵਾਲ 21 ਵੋਕੇਸ਼ਨਲ ਟਰੇਨਿੰਗ ਪਾਰਟਨਰਜ਼ ਨੇ ਭਾਗ ਲਿਆ ਗਿਆ।

VIA PUNJAB