- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਹਿਰ ਵਿੱਚ ਬੇਕਾਬੂ ਹੁੰਦੀ ਜਾ ਰਹੀ ਹੈ ਪੀ ਜੀ ਕੇਂਦਰਾਂ ਦੀ ਸਮੱਸਿਆ
ਐਸ. ਏ.ਐਸ ਨਗਰ – ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਪੀ ਜੀ ਕੇਂਦਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਕਾਰਨ ਵਸਨੀਕਾਂ ਦੀਆਂ ਮੁਸ਼ਕਿਲਾਂ ਵੀ ਵੱਧ ਰਹੀਆਂ ਹਨ| ਇਹ ਸਮੱਸਿਆ ਉਹਨਾਂ ਘਰਾਂ ਦੇ ਆਸਪਾਸ ਬਹੁਤ ਜਿਆਦਾ ਹੈ ਜਿੱਥੇ ਕੁੱਝ ਵਿਅਕਤੀਆਂ ਵਲੋਂ ਕੋਠੀਆਂ ਕਿਰਾਏ ਤੇ ਲੈ ਕੇ ਉੱਥੇ ਪੀ ਜੀ ਕੇਂਦਰ ਚਲਾਏ ਜਾਂਦੇ ਹਨ ਅਤੇ ਇਹਨਾਂ ਵਿੱਚ ਲੋੜ ਤੋਂ ਵੱਧ ਨੌਜਵਾਨਾਂ ਨੂੰ ਰੱਖਿਆ ਜਾਂਦਾ ਹੈ| ਦੂਜੇ ਪਾਸੇ ਜਿਹਨਾਂ ਘਰਾਂ ਵਿੱਚ ਵਸਨੀਕਾਂ ਵਲੋਂ ਆਪਣੇ ਮਕਾਨ ਦੇ ਇੱਕ ਦੋ ਕਮਰਿਆਂ ਵਿੱਚ ਪੀ ਜੀ ਰੱਖੇ ਜਾਂਦੇ ਹਨ ਉਹਨਾਂ ਵਿੱਚ ਕੋਈ ਖਾਸ ਸਮੱਸਿਆ ਨਹੀਂ ਆਉਂਦੀ| ਅਜਿਹੀਆਂ ਕੋਠੀਆਂ ਜਿਹਨਾਂ ਨੂੰ ਪੀ ਜੀ ਚਲਾਉਣ ਵਾਲਿਆਂ ਵਲੋਂ ਕਿਰਾਏ ਤੇ ਲੈ ਕੇ ਉੱਥੇ ਪੀ ਜੀ ਕੇਂਦਰ ਚਲਾਏ ਜਾਂਦੇ ਹਨ, ਉਹਨਾਂ ਵਿੱਚ ਆਮ ਤੌਰ ਤੇ ਹਰੇਕ ਕਮਰੇ ਵਿੱਚ ਤਿੰਨ ਜਾਂ ਵੱਧ ਨੌਜਵਾਨਾਂ ਨੂੰ ਰੱਖਿਆ ਜਾਂਦਾ ਹੈ ਅਤੇ ਪੂਰੀ ਕੋਠੀ ਵਿੱਚ ਰਹਿਣ ਵਾਲੇ ਨੌਜਵਾਨਾਂ ਦੀ ਗਿਣਤੀ ਕਈ ਵਾਰ 25 ਤੋਂ ਵੀ ਵੱਧ ਜਾਂਦੀ ਹੈ| ਇੰਨੀ ਵੱਡੀ ਗਿਣਤੀ ਵਿੱਚ ਰਹਿਣ ਵਾਲੇ ਇਹਨਾਂ ਨੌਜਵਾਨਾਂ ਕਾਰਨ ਆਸ ਪਾਸ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ| ਕਿਸੇ ਕਿਸਮ ਦੀ ਕੋਈ ਰੋਕ ਟੋਕ ਨਾ ਹੋਣ ਕਾਰਨ ਇਹ ਨੌਜਵਾਨ ਮਨਆਈਆਂ ਕਰਦੇ ਹਨ ਜਿਸ ਕਾਰਨ ਇਹਨਾਂ ਪੀ ਜੀ ਕੇਂਦਰਾਂ ਦੇ ਆਸਪਾਸ ਰਹਿਣ ਵਾਲੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ| ਇਹਨਾਂ ਪੀ ਜੀ ਕੇਂਦਰਾਂ ਵਿੱਚ ਰਹਿੰਦੇ ਨੌਜਵਾਨਾਂ ਵਲੋਂ ਆਪਣੇ ਵਾਹਨ ਆਸਪਾਸ ਦੇ ਘਰਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਖੜ੍ਹਾ ਦਿੱਤੇ ਜਾਂਦੇ ਹਨ ਅਤੇ ਜੇਕਰ ਇਹਨਾਂ ਨੂੰ ਕੁੱਝ ਕਿਹਾ ਜਾਵੇ ਤਾਂ ਇਹ ਅੱਗੋਂ ਲੜਣ ਲੱਗ ਜਾਂਦੇ ਹਨ| ਇਸ ਤਰੀਕੇ ਨਾਲ ਕੀਤੀ ਜਾਂਦੀ ਪਾਰਕਿੰਗ ਕਾਰਨ ਕਈ ਵਾਰ ਝਗੜੇ ਹੁੰਦੇ ਹਨ ਅਤੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁੱਝ ਸਾਲ ਪਹਿਲਾਂ ਸਥਾਨਕ ਫੇਜ਼ 3 ਏ ਵਿੱਚ ਹੋਏ ਅਜਿਹੇ ਹੀ ਇੱਕ ਵਿੱਚ ਪੀ ਜੀ ਵਿੱਚ ਰਹਿਣ ਵਾਲੇ ਨੌਜਵਾਨਾਂ ਵਲੋਂ ਇੱਕ ਐਡਵੋਕੇਟ ਨੂੰ ਗੋਲੀ ਮਾਰ ਕੇ ਕਤਲ ਤੱਕ ਕਰ ਦਿੱਤਾ ਗਿਆ ਸੀ| ਅਜਿਹੇ ਪੀ ਜੀ ਕੇਂਦਰਾਂ ਵਿੱਚ ਅਕਸਰ ਦੇਰ ਰਾਤ ਤੱਕ ਪਾਰਟੀਆਂ ਹੁੰਦੀਆਂ ਹਨ ਅਤੇ ਇਹ ਨੌਜਵਾਨ ਨੱਚਦੇ ਟੱਪਦੇ ਅਤੇ ਰੌਲਾ ਪਾਉਂਦੇ ਰਹਿੰਦੇ ਹਨ ਜਿਸ ਕਾਰਨ ਆਮ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ| ਇਸ ਸੰਬੰਧੀ ਫੇਜ਼ 5 ਦੇ ਕੌਂਸਲਰ ਸ੍ਰੀ ਅਰੁਣ ਸ਼ਰਮਾ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਪੀ ਜੀ ਕੇਂਦਰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਸ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋ ਰਾਹਤ ਮਿਲੇ| ਸ੍ਰੀ ਅਰੁਣ ਸ਼ਰਮਾ ਕਹਿੰਦੇ ਹਨ ਸਿਰਫ ਫੇਜ਼ 5 ਵਿੱਚ ਹੀ ਲਗਭਗ 100 ਦੇ ਕਰੀਬ ਅਜਿਹੇ ਪੀ ਜੀ ਚਲ ਰਹੇ ਹਨ ਅਤੇ ਜੇਕਰ ਪੂਰੇ ਸ਼ਹਿਰ ਦੀ ਗੱਲ ਕਰੀਏ ਤਾਂ ਅਜਿਹੇ ਪੀ ਜੀ ਕੇਂਦਰਾਂ ਦੀ ਗਿਣਤੀ 1000 ਤੋਂ ਵੀ ਵੱਧ ਹੈ| ਇਹਨਾਂ ਪੀ ਜੀ ਕੇਂਦਰਾਂ ਦੇ ਸੰਚਾਲਕਾਂ ਵਲੋਂ ਵੱਧ ਤੋਂ ਵੱਧ ਕਮਾਈ ਕਰਨ ਲਈ ਇਹਨਾਂ ਪੀ ਜੀ ਕੇਂਦਰ ਵਿੱਚ ਸਮਰਥਾ ਤੋਂ ਵੱਧ ਬੱਚੇ ਰੱਖੇ ਜਾਂਦੇ ਹਨ ਜਿਹਨਾਂ ਕਾਰਨ ਆਸਪਾਸ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ| ਉਹ ਕਹਿੰਦੇ ਹਨ ਕਿ ਹੋਰ ਤਾਂ ਹੋਰ ਇਹ ਨੌਜਵਾਨ (ਮੁੰਡੇ ਕੁੜੀਆਂ) ਪਾਰਕਾਂ ਵਿੱਚ ਜਾਂ ਕੋਠੀਆਂ ਵਿਚਾਲੇ ਪਏ ਖਾਲੀ ਪਲਾਟਾਂ ਵਿੱਚ ਅਸ਼ਲੀਲ ਹਰਕਤਾਂ ਕਰਦੇ ਹਨ ਅਤੇ ਫੇਜ਼ 5 ਵਿੱਚ ਕੁੱਝ ਦਿਨ ਪਹਿਲਾਂ 1200 ਨੰਬਰ ਵਾਲੀਆਂ ਕੋਠੀਆਂ ਵਿੱਚ ਇੱਕ ਖਾਲੀ ਪਲਾਟ ਤੋਂ ਅਜਿਹੇ ਇੱਕ ਜੋੜੇ ਨੂੰ ਇਤਰਾਜਯੋਗ ਹਾਲਤ ਵਿੱਚ ਫੜਿਆ ਜਾ ਚੁੱਕਿਆ ਹੈ| ਉਹਨਾਂ ਕਿਹਾ ਕਿ ਇਹ ਨੌਜਵਾਨ ਸਥਾਨਕ ਵਸਨੀਕਾਂ ਨਾਲ ਅਕਸਰ ਝਗੜੇ ਕਰਦੇ ਹਨ ਅਤੇ ਕੁੱਝ ਦਿਨ ਪਹਿਲਾਂ ਫੇਜ਼ 5 ਵਿੱਚ ਚਲਦੇ ਅਜਿਹੇ ਹੀ ਇੱਕ ਪੀ ਜੀ ਕੇਂਦਰ ਵਿੱਚ ਰਹਿੰਦੇ ਨੌਜਵਾਨਾਂ ਵਲੋਂ ਨਾਲ ਦੇ ਘਰ ਵਿੱਚ ਰਹਿੰਦੇ ਵਸਨੀਕ ਨਾਲ ਕੁੱਟਮਾਰ ਕੀਤੀ ਗਈ ਸੀ ਜਿਸਤੋਂ ਬਾਅਦ ਇਹ ਮਾਮਲਾ ਥਾਣੇ ਤਕ ਪਹੁੰਚਿਆ ਸੀ ਜਿੱਥੇ ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ| ਉਹਨਾਂ ਕਿਹਾ ਕਿ ਇਹ ਸਾਰੇ ਪੀ ਜੀ ਗਮਾਡਾ ਦੀ ਪਾਲਸੀ ਦੀ ਸਿੱਧੀ ਉਲੰਘਣਾ ਕਰਦੇ ਹਨ ਪਰੰਤੂ ਇਸਦੇ ਬਾਵਜੂਦ ਗਮਾਡਾ ਵਲੋਂ ਇਸ ਤਰੀਕੇ ਨਾਲ ਪੀ ਜੀ ਕੇਂਦਰ ਚਲਾਉਣ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ| ਉਹਨਾਂ ਕਿਹਾ ਕਿ ਜਦੋਂ ਵਸਨੀਕ ਇਸ ਸੰਬੰਧੀ ਪੁਲੀਸ ਤੋਂ ਮਦਦ ਮੰਗਦੇ ਹਨ ਤਾਂ ਅੱਗੋਂ ਪੁਲੀਸ ਦਾ ਜਵਾਬ ਹੁੰਦਾ ਹੈ ਕਿ ਵਸਨੀਕ ਇਸ ਸੰਬੰਧੀ ਗਮਾਡਾ ਨੂੰ ਸ਼ਿਕਾਇਤ ਕਰਨ ਅਤੇ ਗਮਾਡਾ ਵਲੋਂ ਪੁਲੀਸ ਨੂੰ ਲਿਖ ਕੇ ਭੇਜਣ ਤੋਂ ਬਾਅਦ ਪੁਲੀਸ ਵਲੋਂ ਅਜਿਹੇ ਪੀ ਜੀ ਕੇਂਦਰਾਂ ਦੇ ਸੰਚਾਲਕਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਉਹਨਾਂ ਕਿਹਾ ਕਿ ਇਸਤੋਂ ਬਾਅਦ ਉਹਨਾਂ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਲਿਖ ਕੇ ਅਣਅਧਿਕਾਰਤ ਤੌਰ ਤੇ ਪੀ ਜੀ ਕੇਂਦਰ ਚਲਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਇਹ ਪੀ ਜੀ ਕੇਂਦਰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ|


