ਸ਼ੇਅਰ ਟ੍ਰਾਂਸਫਰ ਕਰਨ ਲਈ ਲੋੜੀਂਦੀਆਂ ਟਿਕਟਾਂ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ – ਚੰਡੀਗੜ੍ਹ ਦੇ ਖਜਾਨਾ ਦਫਤਰ ਵਿਚੋਂ ਸ਼ੇਅਰ ਟ੍ਰਾਂਸਫਰ ਕਰਵਾਉਣ ਲਈ ਲੋੜੀਖਂਦੀਆਂ ਟਿਕਟਾਂ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ 10 ਦੇ ਵਸਨੀਕ ਸ੍ਰ. ਹਰਬੰਸ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਦੇ ਖਜਾਨਾ ਦਫਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ੇਅਰ ਟਰਾਂਸਫਰ ਟਿਕਟਾਂ ਖਤਮ ਹਨ, ਜਿਸ ਕਾਰਨ ਇਹ ਟਿਕਟਾਂ ਲੈਣ ਵਾਲੇ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਸੇਬੀ ਵਲੋਂ ਜਾਰੀ ਨਿਯਮਾਂ ਅਨੁਸਾਰ ਦਸੰਬਰ ਮਹੀਨੇ ਤੋਂ ਸ਼ੇਅਰ ਫਿਜੀਕਲ ਰੂਪ ਵਿੱਚ ਟਰਾਂਸਫਰ ਨਹੀਂ ਹੋਣਗੇ ਸਗੋਂ ਡੀਮੈਟ ਰਾਹੀਂ ਹੀ ਟਰਾਂਸਫਰ ਹੋਣਗੇ| ਜਿਹਨਾਂ ਲੋਕਾਂ ਕੋਲ ਫਿਜੀਕਲ ਸ਼ੇਅਰ ਹਨ, ਉਹਨਾਂ ਨੂੰ ਟਰਾਂਸਫਰ ਕਰਵਾਉਣ ਲਈ ਨਿਸਚਿਤ ਫਾਰਮ ਅਤੇ 6 ਟਰਾਂਸਫਰ ਟਿਕਟਾਂ ਚਾਹੀਦੀਆਂ ਹੁੰਦੀਆਂ ਹਨ ਪਰ ਇਹ ਟਿਕਟਾਂ ਇਸ ਸਮੇਂ ਨਾ ਤਾਂ ਚੰਡੀਗੜ੍ਹ ਖਜਾਨਾ ਦਫਤਰ ਤੋਂ ਮਿਲ ਰਹੀਆਂ ਹਨ ਅਤੇ ਨਾ ਹੀ ਇਹ ਟਿਕਟਾਂ ਅਸਟਾਮ ਫਰੋਸਾਂ ਤੋਂ ਮਿਲ ਰਹੀਆਂ ਹਨ| ਜਿਸ ਕਾਰਨ ਸ਼ੇਅਰ ਟਰਾਂਸਫਰ ਕਰਵਾਉਣ ਵਾਲੇ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਚੰਡੀਗੜ੍ਹ ਦੇ ਖਜਾਨਾ ਦਫਤਰ ਅਤੇ ਅਸਟਾਮ ਫਰੋਸਾਂ ਕੋਲ ਇਹ ਟਿਕਟਾਂ ਤੁਰੰਤ ਮੁਹਈਆ ਕਰਵਾਈਆਂ ਜਾਣ ਤਾਂ ਕਿ ਇਹਨਾਂ ਟਿਕਟਾਂ ਨੂੰ ਖਰੀਦਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ|

VIA PUNJAB