ਸਨਅਤਾਂ ਦੀ ਮਜ਼ਬੂਤੀ ਲਈ ਸਰਕਾਰ ਕੋਲ ਪੈਸੇ ਦੀ ਘਾਟ ਨਹੀਂ : ਮਨਪ੍ਰੀਤ ਸਿੰਘ ਬਾਦਲ

ਪੰਜਾਬ ਦੇ ਉਦਯੋਗਪਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਸੁੰਦਰ ਸ਼ਾਮ ਅਰੋੜਾ

ਜਲੰਧਰ – ਪੰਜਾਬ ਦੀਆਂ ਸਨਅਤਾਂ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਅਤੇ ਸਨਅਤਕਾਰਾਂ ਨੂੰ ਆਉਂਦੀਆਂ ਹਰ ਮੁਸ਼ਕਲਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਕਈ ਸਕੀਮਾਂ ‘ਤੇ ਕੰਮ ਕਰ ਰਹੀ ਹੈ, ਜਿਸ ਕਾਰਨ ਆਉਂਦੇ ਕੁਝ ਸਮੇਂ ਦੌਰਾਨ ਸਨਅਤਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢ ਕੇ ਉਨ੍ਹਾਂ ਨੂੰ ਬੁਲੰਦੀਆਂ ਵੱਲ ਲਿਜਾਇਆ ਜਾ ਸਕੇਗਾ। ਇਨ੍ਹਾਂ ਸਕੀਮਾਂ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਪੈਸੇ ਦੀ ਕੋਈ ਘਾਟ ਨਹੀਂ ਆਉਣ ਦੇਵੇਗੀ। ਇਹ ਗੱਲ ਅੱਜ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਡਾ. ਨਵਜੋਤ ਦਾਹੀਆ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਦੇ ਗ੍ਰਹਿ ਵਿਖੇ ਜਲੰਧਰ ਸ਼ਹਿਰ ਦੇ ਉਦਯੋਗਪਤੀਆਂ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਹਾਜ਼ਰ ਉਦਯੋਗਪਤੀਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਉਦਯੋਗ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਹਾਜ਼ਰ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇੱਕ-ਇੱਕ ਮੁਸ਼ਕਲ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਦੀਆਂ ਮੁਸ਼ਕਲਾਂ ਤੋਂ ਉਹ ਭਲੀ ਭਾਂਤ ਜਾਣੂ ਹਨ ਅਤੇ ਜਦੋਂ ਤੋਂ ਹੀ ਉਦਯੋਗ ਮੰਤਰੀ ਵਜੋਂ ਉਨ੍ਹਾਂ ਅਹੁਦਾ ਸੰਭਾਲਿਆ ਹੈ, ਉਹ ਦਿਨ-ਰਾਤ ਇੱਕ ਕਰਕੇ ਇੰਡਸਟਰੀ ਨੂੰ ਮਜ਼ਬੂਤੀ ਨਾਲ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਵਚਨਬੱਧ ਹਨ। ਇਸ ਮੌਕੇ ਰਾਜਕਰਨ ਸਿੰਘ, ਕੁਲਬੀਰ ਸਿੰਘ ਯੂਨੀਸਨ ਗਰੁੱਪ ਅਤੇ ਹੋਰ ਉਦਯੋਗਪਤੀਆਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਵਿਸਥਾਰ ‘ਚ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੂੰ ਜਾਣੂ ਕਰਵਾਇਆ ਗਿਆ ਅਤੇ ਆਸ ਪ੍ਰਗਟ ਕੀਤੀ ਕਿ ਪਹਿਲ ਦੇ ਆਧਾਰ ‘ਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ ਤਾਂ ਜੋ ਪੈਰੋਂ ਉੱਖੜ ਰਹੀ ਇੰਡਸਟਰੀ ਨੂੰ ਮੁੜ ਪੈਰਾਂ ਸਿਰ ਲਿਆਂਦਾ ਜਾ ਸਕੇ।ਇਸ ਮੌਕੇ ਉਪਰੋਕਤ ਆਗੂਆਂ ਨੇ ਡਾ. ਨਵਜੋਤ ਦਾਹੀਆ ਨਾਲ ਆਪਣੀਆਂ ਪੁਰਾਣੀਆਂ ਸਾਂਝਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਡਾ. ਦਾਹੀਆ ਵੱਲੋਂ ਦਿੱਤੇ ਜਾਂਦੇ ਵਿਸ਼ੇਸ਼ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਦੋਵਾਂ ਆਗੂਆਂ ਨੇ ਡਾ. ਦਾਹੀਆ ਵੱਲੋਂ ਪਾਰਟੀ ਕੀਤੀ ਜਾਂਦੀ ਦਿਨ-ਰਾਤ ਮਿਹਨਤ ਦਾ ਵਿਸ਼ੇਸ ਤੌਰ ‘ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਦਾ ਪਾਰਟੀ ਮੁੱਲ ਨਹੀਂ ਮੋੜ ਸਕਦੀ, ਇਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ।ਇਸ ਦੌਰਾਨ ਡਾ. ਨਵਜੋਤ ਸਿੰਘ ਦਾਹੀਆ ਨੇ ਉਪਰੋਕਤ ਮੰਤਰੀਆਂ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਆਉਣ ਅਤੇ ਉਦਯੋਗਪਤੀਆਂ ਨੂੰ ਦਿੱਤੇ ਭਰੋਸੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਗਿਆ ਅਤੇ ਉਮੀਦ ਕੀਤੀ ਕਿ ਸ਼ਹਿਰ ਦੇ ਉਦਯੋਗਤਪੀਆਂ ਵੱਲੋਂ ਜਿਨ੍ਹਾਂ ਮੁਸ਼ਕਲਾਂ ਅਤੇ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਹੈ, ਉਨ੍ਹਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ ਤਾਂ ਜੋ ਪੰਜਾਬ ਦੀ ਇੰਡਸਟਰੀ ਨੂੰ ਹੋਰ ਬੁਲੰਦੀਆਂ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਡਾ. ਤਨਵੀਰ ਸਿੰਘ, ਮੇਜਰ ਬੀ. ਐਸ. ਕੋਹਲੀ ਅਡਵਾਈਜ਼ਰ (ਇਨਵੈਸਟ) ਪੰਜਾਬ ਅਤੇ ਹੋਰ ਅਹੁਦੇਦਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

VIA PUNJAB