ਸਰਕਾਰੀਆ ਨੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ

ਸਮੇਂ ਸਿਰ ਪੁਖਤਾ ਪ੍ਰਬੰਧਾਂ ਲਈ ਮੁੱਖ ਸਕੱਤਰ ਅਤੇ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਚੰਡੀਗੜ – ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੰਜਾਬ ਭਵਨ ਵਿਖੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨਾਂ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਡਰੇਨਾਂ ਦੀ ਸਫਾਈ ਅਤੇ ਹੜਾਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਬਾਬਤ ਜਾਣਕਾਰੀ ਹਾਸਲ ਕੀਤੀ। ਜਲ ਸਰੋਤ ਮੰਤਰੀ ਨੇ ਕਿਹਾ ਕਿ ਸਾਲ 2019 ਤੋਂ ਪਹਿਲਾਂ ਤੱਕ ਹੜ ਰੋਕੂ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ ਅਪ੍ਰੈਲ-ਮਈ ਮਹੀਨੇ ਵਿਚ ਹੋਇਆ ਕਰਦੀ ਸੀ ਅਤੇ ਹੜਾਂ ਦੀ ਰੋਕਥਾਮ ਲਈ ਸਰਕਾਰ ਕੋਲ ਬਹੁਤ ਘੱਟ ਸਮਾਂ ਹੁੰਦਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਹੁਣ ਹੜ ਰੋਕੂ ਪ੍ਰਬੰਧਾਂ ਦੀ ਸਮੀਖਿਆ ਲਈ ਮੀਟਿੰਗ ਜਨਵਰੀ-ਫਰਵਰੀ ਮਹੀਨੇ ਵਿਚ ਕਰਨੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੰਭਾਵੀ ਹੜਾਂ ਦੇ ਦਿਨਾਂ ਤੋਂ ਪਹਿਲਾਂ-ਪਹਿਲਾਂ ਪੂਰਨ ਇੰਤਜ਼ਾਮ ਕਰ ਲਏ ਜਾਣ। ਉਨਾਂ ਮੁੱਖ ਸਕੱਤਰ ਅਤੇ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪੁਖਤਾ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ ਕਿਉਂ ਕਿ ਬਾਰਸ਼ ਦੇ ਸੀਜਨ ਵਿਚ ਹਾਲੇ ਕਾਫੀ ਸਮਾਂ ਰਹਿੰਦਾ ਹੈ। ਇਸ ਮੌਕੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲੁਧਿਆਣਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਪਟਿਆਲਾ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਕੁਝ ਜ਼ਰੂਰੀ ਕੰਮਾਂ ਲਈ ਫੰਡਾਂ ਨੂੰ ਜਲਦ ਜਾਰੀ ਕਰਨ ਬਾਰੇ ਜਾਣੂੰ ਕਰਵਾਇਆ ਜਦਕਿ ਬਾਕੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਆਪੋ-ਆਪਣੇ ਇਲਾਕਿਆਂ ਵਿਚ ਹੜ ਰੋਕੂ ਪ੍ਰਬੰਧਾਂ ਲਈ ਵਰਤੇ ਜਾਣ ਵਾਲੇ ਫੰਡਾਂ ਦੀ ਜਾਣਕਾਰੀ ਦਿੱਤੀ। ਸਰਕਾਰੀਆ ਨੇ ਕਿਹਾ ਕਿ ਉਹ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਲੋੜੀਦੇ ਫੰਡਾਂ ਨੂੰ ਸਮੇਂ ਸਿਰ ਜਾਰੀ ਕਰਨ ਲਈ ਕਹਿਣਗੇ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

VIA PUNJAB