ਸ਼ੀਲਾ ਦੀਕਸ਼ਿਤ ਵੱਲੋਂ ਪ੍ਰੱਗਿਆ ਦੇ ਬਿਆਨ ਦੀ ਨਿਖੇਧੀ

ਨਵੀਂ ਦਿੱਲੀ – ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਭਾਜਪਾ ਉਮੀਦਵਾਰ ਪ੍ਰੱਗਿਆ ਠਾਕੁਰ ਦੀ ਉਮੀਦਵਾਰੀ ਖਾਰਜ ਕੀਤੀ ਜਾਣੀ ਚਾਹੀਦੀ ਹੈ ਤੇ ਉਸ ਦਾ ਪਰਚਾ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਵਾਪਸ ਲਿਆ ਜਾਣਾ ਚਾਹੀਦਾ ਹੈ। ਸ੍ਰੀਮਤੀ ਦੀਕਸ਼ਿਤ ਨੇ ਕਿਹਾ ਕਿ ਦੇਸ਼ ਵਿੱਚ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਂਡਸੇ ਨੂੰ ਦੇਸ਼ਭਗਤ ਕਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੰਸਦ ਤਾਂ ਕੀ ਸਮਾਜ ਵਿੱਚ ਵੀ ਰਹਿਣ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਖ਼ੁਦ ਨੂੰ ਸਾਧਵੀ ਅਖਵਾਉਣ ਵਾਲੀ ਭਾਜਪਾ ਆਗੂ ਪ੍ਰੱਗਿਆ ਦੇ ਘਟੀਆ ਬਿਆਨ ਦੀ ਨਿੰਦਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਕ ਸੋਚੀ ਸਮਝੀ ਚਾਲ ਤਹਿਤ ਕਾਂਗਰਸ ਨਾਲ ਜੁੜੀਆਂ ਰਹੀਆਂ ਅਹਿਮ ਸ਼ਖ਼ਸੀਅਤਾਂ ਦੇ ਨਾਵਾਂ ਦੀ ਦਿੱਖ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਅਜਿਹੀ ਸਾਧਵੀ ਨੂੰ ਉਮੀਦਵਾਰ ਬਣਾਉਣ ਲਈ ਅਮਿਤ ਸ਼ਾਹ ਤੇ ਮੋਦੀ ਜ਼ਿੰਮੇਵਾਰ ਹਨ ਤੇ ਉਹ ਹੀ ਉਸ ਦਾ ਪਰਚਾ ਵਾਪਸ ਲੈਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਜਪਾ ਦਾ ਦੇਸ਼ ਭਗਤੀ ਜਾਂ ਰਾਸ਼ਟਰਵਾਦ ਖੋਖਲਾ ਨਾਅਰਾ ਹੋਵੇਗਾ।

VIA PUNJAB