ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸੌਂਪਿਆ ਗਿਆ ਆਰਥਿਕ ਅਪਰਾਧ ਡਾਇਰੈਕਟੋਰੇਟ ਦਾ ਚਾਰਜ

ਕੋਲਕਾਤਾ – ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਆਰਥਿਕ ਅਪਰਾਧ ਸਟੇਟ ਡਾਇਰੈਕਟੋਰੇਟ (ਕੋਲਕਾਤਾ ਪੁਲੀਸ ਦੇ ਵਿਸ਼ੇਸ ਟਾਸਕ ਬਲ ਜਾਂ ਐਸ. ਟੀ. ਐਫ.) ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ| ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਹੈ ਕਿ ਕੁਮਾਰ ਨੇ ਸ਼ਹਿਰ ਪੁਲੀਸ ਕਮਿਸ਼ਨਰ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਹਾਲ ਹੀ ਸੂਬਾ ਸੀ. ਆਈ. ਡੀ. ਮੁਖੀ ਦਾ ਅਹੁਦਾ ਸੰਭਾਲਿਆ ਹੈ| ਉਹ ਆਉਣ ਵਾਲੇ ਆਦੇਸ਼ ਤੱਕ ਦੋ ਵਿਭਾਗਾਂ ਦਾ ਐਡੀਸ਼ਨਲ ਚਾਰਜ ਸੰਭਾਲਣਗੇ| ਸੂਬੇ ਦੇ ਗ੍ਰਹਿ ਵਿਭਾਗ ਨੇ ਸ਼ੁੱਕਰਵਾਰ ਦੇਰ ਸ਼ਾਮ ਇਹ ਆਦੇਸ਼ ਜਾਰੀ ਕੀਤਾ| ਰਾਜੀਵ ਕੁਮਾਰ 1989 ਬੈਂਚ ਦੇ ਆਈ. ਪੀ. ਐਸ. ਅਧਿਕਾਰੀ ਸੀ| ਉਹ ਸ਼ਾਰਦਾ ਚਿਟਫੰਡ ਅਤੇ ਰੋਜ਼ ਵੈਲੀ ਘੋਟਾਲੇ ਵਿੱਚ ਸੀ. ਬੀ. ਆਈ. ਦੀ ਜਾਂਚ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸੀ| ਸੀ. ਬੀ. ਆਈ. ਦੇ ਅਧਿਕਾਰੀਆਂ ਦੀ ਇਕ ਟੀਮ 3 ਫਰਵਰੀ ਜਦੋਂ ਕੁਮਾਰ ਦੇ ਘਰ ਚਿੱਟਫੰਡ ਮਾਮਲੇ ਸੰਬੰਧੀ ਉਨ੍ਹਾਂ ਤੋਂ ਪੁੱਛ ਗਿੱਛ ਕਰਨ ਲਈ ਗਈ ਸੀ ਤਾਂ ਉਸ ਸਮੇਂ ਕੁਮਾਰ ਦੇ ਘਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ| ਉਸ ਸਮੇਂ ਕੁਮਾਰ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਸੀ| ਇਸ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ‘ਸੰਵਿਧਾਨਿਕ ਨਿਯਮਾਂ ਤੇ ਹਮਲੇ’ ਦੇ ਖਿਲਾਫ ਧਰਨੇ ਤੇ ਬੈਠ ਗਈ ਸੀ| ਸੁਪਰੀਮ ਕੋਰਟ ਨੇ 5 ਫਰਵਰੀ ਨੂੰ ਕੁਮਾਰ ਨੂੰ ਆਦੇਸ਼ ਦਿੱਤਾ ਸੀ ਕਿ ਉਹ ਮਾਮਲੇ ਦੀ ਜਾਂਚ ਸੰਬੰਧੀ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਣ| ਅਦਾਲਤ ਨੇ ਇਹ ਵੀ ਕਿਹਾ ਸੀ ਕਿ ਕੁਮਾਰ ਦੇ ਖਿਲਾਫ ਬਲਪੂਰਵਕ ਕੋਈ ਕਦਮ ਨਾ ਚੁੱਕਿਆ ਜਾਵੇ| ਇਸ ਤੋਂ ਬਾਅਦ ਸੀ. ਬੀ. ਆਈ. ਨੇ ਕੁਮਾਰ ਤੋਂ ਸ਼ਿਲਾਂਗ ਵਿੱਚ 5 ਦਿਨ ਪੁੱਛ ਗਿੱਛ ਕੀਤੀ ਸੀ|

VIA PUNJAB