ਸਿੱਖਾਂ ਦਾ ਧਰਮ ਪਰਿਵਰਤਨ ਰੋਕਣ ਲਈ ਸਰਗਰਮ ਹੋਈ ਸ਼੍ਰੋਮਣੀ ਕਮੇਟੀ

• ‘ਘਰਿ ਘਰਿ ਅੰਦਰਿ ਧਰਮਸਾਲਲਹਿਰ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਮਾਣਮੱਤੇ ਧਰਮ ਤੇ ਵਿਰਸੇ ‘ਚ ਕੀਤਾ ਜਾ ਰਿਹੈ ਪ੍ਰਪੱਕ

ਸ੍ਰੀ ਅਨੰਦਪੁਰ ਸਾਹਿਬ, 3 ਨਵੰਬਰ (ਵਾਇਆ ਪੰਜਾਬ ਬਿਊਰੋ)

ਸਿੱਖਾਂ ਦੇ ਲਗਾਤਾਰ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਘਰ-ਘਰ ਜਾ ਕੇ ਸਿੱਖਾਂ ਨੂੰ ਹਲੂਣਾ ਦੇਣ ਦਾ ਫੈਸਲਾ ਕੀਤਾ ਹੈ। ਸਿੱਖਾਂ ਨੂੰ ਆਪਣੇ ਧਰਮ ਤੇ ਵਿਰਸੇ ਵਿਚ ਪ੍ਰਪੱਕ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ 150 ਪ੍ਰਚਾਰ ਟੀਮਾਂ ਬਣਾ ਕੇ ਪੰਜਾਬ ਦੇ ਪੌਣੇ ਤੇਰਾਂ ਹਜ਼ਾਰ ਪਿੰਡਾਂ ਵਿਚ ਘਰ-ਘਰ ਤੱਕ ਪਹੁੰਚ ਕਰਨ ਲਈ ਤੋਰਿਆ ਹੈ। ਇਸ ਤਹਿਤ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਿੱਖਾਂ ਨੂੰ ਆਪਣੇ ਸ਼ਾਨਾਮੱਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ ਉੱਥੇ ਨਵੀਂ ਪੀੜ੍ਹੀ ਵਿਚ ਵੀ ਗੁਰਬਾਣੀ ਤੇ ਇਤਿਹਾਸ ਨਾਲ ਜੋੜ ਕੇ ਉਨ੍ਹਾਂ ਅੰਦਰ ਕੌਮੀ ਗੌਰਵ ਭਰਨ ਦੀ ਕੋਸ਼ਿਸ਼ ਕਰ ਰਹੇ ਹਨ।
‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਤਹਿਤ ਧਰਮ ਪ੍ਰਚਾਰ ਦੇ ਮਾਝਾ, ਮਾਲਵਾ ਤੇ ਦੁਆਬਾ ਜੋਨ ਵਿਚ ਵੰਡ ਕੇ ਬਣਾਈਆਂ ਕੁੱਲ 150 ਟੀਮਾਂ ਦੀ ਅਗਵਾਈ ਹੈੱਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਜਗਦੇਵ ਸਿੰਘ ਅਤੇ ਜਸਵਿੰਦਰ ਸਿੰਘ ਸ਼ਹੂਰ ਕਰ ਰਹੇ ਹਨ। ਹਰੇਕ ਟੀਮ 120 ਪਿੰਡਾਂ ਤੱਕ ਪਹੁੰਚ ਕਰੇਗੀ। ਹਰੇਕ ਟੀਮ ਵਿਚ ਸੱਤ ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿਚ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸ਼ਾਮਲ ਹਨ। ਇਕ ਟੀਮ ਇਕ ਪਿੰਡ ਵਿਚ ਇਕ ਹਫਤਾ ਪ੍ਰਚਾਰ ਕਰਦੀ ਹੈ, ਜਿਸ ਦੇ ਤਹਿਤ ਹਰੇਕ ਸਿੱਖ ਦੇ ਘਰ ਜਾ ਕੇ ਸਿੱਖਾਂ ਦੇ ਕੁਰਬਾਨੀਆਂ ਤੇ ਸਿੱਦਕਦਿਲੀ ਭਰੇ ਇਤਿਹਾਸ ਸਬੰਧੀ ਸਾਹਿਤ ਵੰਡਿਆ ਜਾਂਦਾ ਹੈ। ਰੋਜ਼ਾਨਾ ਸ਼ਾਮ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿੰਡ ਦੇ ਬੱਚਿਆਂ ਨੂੰ ਇਕੱਤਰ ਕਰਕੇ ਜਪੁਜੀ ਸਾਹਿਬ ਦੀ ਸੰਥਿਆ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਕਵੀਸ਼ਰ, ਢਾਡੀ ਤੇ ਪ੍ਰਚਾਰਕ ਸੰਗਤ ਨੂੰ ਇਤਿਹਾਸ ਤੇ ਗੁਰਬਾਣੀ ਸੁਣਾਉਂਦੇ ਹਨ। ਹਫਤੇ ਦੇ ਅਖੀਰਲੇ ਦਿਨ ਵੱਡਾ ਦੀਵਾਨ ਸਜਾਇਆ ਜਾਂਦਾ ਹੈ ਅਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।

ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਨਾਲ ਕੀਤਾ ਜਾ ਰਿਹੈ ਰਾਬਤਾ

ਸ਼੍ਰੋਮਣੀ ਕਮੇਟੀ ਦੇ ਦੁਆਬਾ ਜੋਨ ਧਰਮ ਪ੍ਰਚਾਰ ਲਹਿਰ ਦੇ ਮੁੱਖ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ ਨੇ ਦੱਸਿਆ ਕਿ ਇਸ ਲਹਿਰ ਵਿਚ ਉਨ੍ਹਾਂ ਸਿੱਖ ਪਰਿਵਾਰਾਂ ਨਾਲ ਵੀ ਸੰਪਰਕ ਕਰਕੇ ਉਨ੍ਹਾਂ ਨੂੰ ਸਿੱਖੀ ਦੇ ਮਾਣਮੱਤੇ ਵਿਰਸੇ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਜਿਹੜੇ ਪਰਿਵਾਰ ਧਰਮ ਪਰਿਵਰਤਨ ਦੀ ਮੁਹਿੰਮ ਕਾਰਨ ਸਿੱਖੀ ਤੋਂ ਦੂਰ ਜਾ ਰਹੇ ਹਨ।ਜਾਣਕਾਰੀ ਅਨੁਸਾਰ ਲੰਘੀ 7 ਸਤੰਬਰ ਨੂੰ ਅੰਮ੍ਰਿਤਸਰ ਤੋਂ ਆਰੰਭ ਹੋਈ ਇਸ ਲਹਿਰ ਨੇ ਇਕ ਮਹੀਨੇ ਦੌਰਾਨ 600 ਪਿੰਡ ਕਵਰ ਕਰ ਲਏ ਹਨ।

2000 ਪ੍ਰਾਣੀ ਕਰ ਚੁੱਕੇ ਨੇ ਇਸ ਲਹਿਰ ਦੌਰਾਨ ਅੰਮ੍ਰਿਤ ਪਾਨ

ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਸਕੱਤਰ ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ 2000 ਪ੍ਰਾਣੀ ਇਸ ਲਹਿਰ ਦੌਰਾਨ ਅੰਮ੍ਰਿਤ ਪਾਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰੇਰਨਾ ਨਾਲ ਵੱਖ-ਵੱਖ ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੇ ਵੀ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਹਿਯੋਗੀ ਭੂਮਿਕਾ ਵਿਚ ਲਹਿਰ ਦੇ ਨਾਲ ਤੋਰਿਆ ਹੈ। ਇਸ ਤੋਂ ਇਲਾਵਾ ਆਪ ਮੁਹਾਰੇ ਪਿੰਡਾਂ ਦੇ ਸਿੱਖ ਨੌਜਵਾਨ ਵੀ ਇਸ ਲਹਿਰ ਵਿਚ ਪ੍ਰਚਾਰਕ ਟੀਮਾਂ ਦਾ ਸਾਥ ਦੇ ਰਹੇ ਹਨ।

ਸਿੱਖਾਂ ਅੰਦਰ ਆਪਣੇ ਧਰਮ ‘ਚ ਪ੍ਰਪੱਕਤਾ ਦਾ ਜਜ਼ਬਾ ਪ੍ਰਚੰਡ ਕਰਾਂਗੇ: ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ‘ਘਰਿ-ਘਰਿ ਅੰਦਰਿ ਧਰਮਸਾਲ’ ਲਹਿਰ ਪੰਜਾਬ ਭਰ ‘ਚ ਸਿੱਖਾਂ ਅੰਦਰ ਆਪਣੇ ਧਰਮ ‘ਚ ਪ੍ਰਪੱਕਤਾ ਦਾ ਜਜ਼ਬਾ ਪ੍ਰਚੰਡ ਕਰਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਚਾਰ ਸਦਕਾ ਜਦੋਂ ਸਾਡੀ ਨਵੀਂ ਪੀੜ੍ਹੀ ਗੁਰਬਾਣੀ ਤੇ ਇਤਿਹਾਸ ਦੀ ਰੌਸ਼ਨੀ ਵਿਚ ਆਪਣੀ ਜੀਵਨ ਧਾਰਾ ਨੂੰ ਨਿਰਧਾਰਿਤ ਕਰੇਗੀ ਤਾਂ ਦੁਨੀਆ ਦੀ ਕੋਈ ਵੀ ਤਾਕਤ ਜਾਂ ਲਾਲਚ ਉਨ੍ਹਾਂ ਨੂੰ ਆਪਣੇ ਧਰਮ ਤੋਂ ਦੂਰ ਨਹੀਂ ਕਰ ਸਕੇਗੀ।

ਸਿੱਖ ਧਰਮ ‘ਤੇ ਹੋ ਰਹੇ ਪ੍ਰਹਾਰ ਨੂੰ ਰੋਕਣ ਦਾ ਕੰਮ ਕਰੇਗੀ’ ਘਰਿ-ਘਰਿ ਅੰਦਰਿ ਧਰਮਸਾਲ ਲਹਿਰ’ : ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧਰਮ ਹਰੇਕ ਮਨੁੱਖ ਦੀ ਆਤਮਾ ਦਾ ਵਿਸ਼ਾ ਹੁੰਦਾ ਹੈ ਜਦੋਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਵਿਦੇਸ਼ੀ ਫੰਡਾਂ ਨਾਲ ਸਿੱਖਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਦੀ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ‘ਘਰਿ- ਘਰਿ ਅੰਦਰਿ ਧਰਮਸਾਲ ਲਹਿਰ’ ਸਿੱਖ ਧਰਮ ‘ਤੇ ਹੋ ਰਹੇ ਪ੍ਰਹਾਰ ਨੂੰ ਰੋਕਣ ਦਾ ਕੰਮ ਕਰੇਗੀ।

VIA PUNJAB