ਸੁਪਰੀਮ ਕੋਰਟ ’ਚ ਅਯੋਧਿਆ ਮਾਮਲੇ ਦੀ ਸੁਣਵਾਈ 29 ਤੱਕ ਟਲੀ

ਜਸਟਿਸ ਲਲਿਤ ਨੇ ਖੁਦ ਨੂੰ ਕੇਸ ਤੋਂ ਕੀਤਾ ਵੱਖ

ਨਵੀਂ ਦਿਲੀ – ਸੁਪਰੀਮ ਕੋਰਟ ਨੇ ਅਯੋਧਿਆ ਦੀ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ’ਚ ਸੁਣਵਾਈ 29 ਜਨਵਰੀ ਤਕ ਅਗੇ ਪਾ ਦਿਤੀ ਹੈ। ਮੁਖ ਜਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਜਜਾਂ ਦੇ ਸੰਵਿਧਾਨਕ ਬੈਂਚ ’ਚ ਜਿਵੇਂ ਹੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ, ਮੁਸਲਿਮ ਪਖ ਵਲੋਂ ਪੇਸ਼ ਇੱਕ ਸੀਨੀਅਰ ਵਕੀਲ ਰਾਜੀਵ ਧਵਨ ਨੇ ਬੈਂਚ ’ਚ ਜਜ ਉਦੈ ਉਮੇਸ਼ ਲਲਿਤ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਮੁਸਲਿਮ ਪਖ ਦੇ ਵਕੀਲ ਰਾਜੀਵ ਧਵਨ ਦੇ ਸਵਾਲ ਚੁਕਣ ਬਾਅਦ ਜਸਟਿਸ ਉਦੈ ਉਮੇਸ਼ ਲਲਿਤ ਨੇ ਖ਼ੁਦ ਨੂੰ ਬੈਂਚ ਤੋਂ ਵਖਰਿਆਂ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਇਸ ਬੈਂਚ ਦਾ ਹਿਸਾ ਨਹੀਂ ਬਣਨਾ ਚਾਹੁੰਦੇ। ਰਾਜੀਵ ਧਵਨ ਨੇ ਦਲੀਲ ਦਿਤੀ ਕਿ ਅਯੋਧਿਆ ਵਿਵਾਦ ਨਾਲ ਸਬੰਧਿਤ ਇਕ ਮਾਮਲੇ ’ਚ ਜਜ ਲਲਿਤ ਵਕੀਲ ਦੀ ਹੈਸੀਅਤ ਨਾਲ ਸਾਬਕਾ ਮੁਖ ਮੰਤਰੀ ਕਲਿਆਣ ਸਿੰਘ ਵਲੋਂ ਪੇਸ਼ ਹੋ ਚੁਕੇ ਹਨ, ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਮਾਮਲੇ ਦੀ ਸੁਣਵਾਈ ਤੋਂ ਵਖ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਕਦਮ ਬਾਅਦ ਚੀਫ਼ ਜਸਟਿਸ ਨੇ ਸੁਣਵਾਈ ਅਗਲੀ ਤਾਰੀਖ਼ ’ਤੇ ਟਾਲ ਦਿਤੀ। ਹੁਣ ਇਸ ਮਾਮਲੇ ਸਬੰਧੀ 29 ਜਨਵਰੀ ਨੂੰ ਨਵੀਂ ਸੰਵਿਧਾਨਕ ਬੈਂਚ ਬੈਠੇਗੀ ਤੇ ਸੁਣਵਾਈ ਦੀ ਤਾਰੀਖ਼ ਸਬੰਧੀ ਫੈਸਲਾ ਕਰੇਗੀ। ਸੁਣਵਾਈ ਸ਼ੁਰੂ ਹੁੰਦਿਆਂ ਹੀ ਪੰਜ ਜਜਾਂ ਦੀ ਬੈਂਚ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਜ ਮਾਮਲੇ ਦੀ ਸੁਣਵਾਈ ਨਹੀਂ ਕਰਨਗੇ ਬਲਕਿ ਸਿਰਫ ਇਸ ਦੀ ਟਾਈਮਲਾਈਨ ਤੈਅ ਕਰਨਗੇ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ ਬਾਰੇ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਅਜ ਸੁਣਵਾਈ ਦੌਰਾਨ ਮੁਸਲਿਮ ਪਖ ਦੇ ਵਕੀਲ ਰਾਜੀਵ ਧਵਨ ਨੇ ਜਸਟਿਸ ਯੂ.ਯੂ. ਲਲਿਤ ’ਤੇ ਸਵਾਲ ਚੁਕੇ। ਰਾਜੀਵ ਧਵਨ ਨੇ ਕਿਹਾ ਕਿ ਸਾਲ 1994 ਦੇ ਕਰੀਬ ਜਸਟਿਸ ਲਲਿਤ ਕਲਿਆਣ ਸਿੰਘ ਲਈ ਪੇਸ਼ ਹੋਏ ਸੀ। ਉਨ੍ਹਾਂ ਨੂੰ ਜਸਟਿਸ ਲਲਿਤ ਦੀ ਸੁਣਵਾਈ ’ਤੇ ਇਤਰਾਜ਼ ਨਹੀਂ, ਉਹ ਖ਼ੁਦ ਤੈਅ ਕਰਨ। ਇਸ ਦੇ ਬਾਅਦ ਲਲਿਤ ਨੇ ਖ਼ੁਦ ਨੂੰ ਇਸ ਬੈਂਚ ਤੋਂ ਅਲਗ ਕਰ ਲਿਆ ਸੀ। ਮਾਮਲੇ ਦੀ ਸੁਣਵਾਈ ਲਈ 29 ਜਨਵਰੀ ਨਿਸ਼ਚਿਤ ਕਰਨ ਤੋਂ ਪਹਿਲਾਂ ਜਜ ਗੋਗੋਈ ਨੇ ਮਾਮਲੇ ਦੀ ਸੁਣਵਾਈ ਲਈ ਤਿੰਨ ਮੈਂਬਰੀ ਬੈਂਚ ਦੀ ਬਜਾਏ ਪੰਜ ਮੈਂਬਰੀ ਸੰਵਿਧਾਨਕ ਬੈਂਚ ਗਠਿਤ ਕਰਨ ਨੂੰ ਲੈ ਕੇ ਸਵਾਲਾਂ ਦਾ ਵੀ ਜਵਾਬ ਦਿਤਾ। ਸੰਵਿਧਾਨਕ ਬੈਂਚ ’ਚ ਜਜ ਐਸ. ਏ. ਬੋਬੜੇ, ਜਜ ਰਮਨ ਅਤੇ ਜਜ ਡੀ ਵਾਈ ਚੰਦਰਚੂੜ ਵੀ ਸ਼ਾਮਿਲ ਹਨ।

VIA PUNJAB