ਸੁਪਰੀਮ ਕੋਰਟ ਵੱਲੋਂ ਰਾਫੇਲ ਸੌਦੇ ਦੀ ਸੁਣਵਾਈ ਪੂਰੀ-ਫੈਸਲਾ ਸੁਰੱਖਿਅਤ

ਸੌਦੇ ਦੀ ਜਾਂਚ ਲਈ ਸਿੱਟ ਬਣਾਉਣ ਜਾਂ ਨਾ ਬਣਾਉਣ ਲਈ ਅਦਾਲਤ ਦੇਵੇਗੀ ਆਦੇਸ਼

ਨਵੀਂ ਦਿੱਲੀ – ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਲੜਾਕੂ ਜਹਾਜ਼ਾਂ ਦੀ ਖ੍ਰੀਦ ਬਾਰੇ ਰਾਫੇਲ ਸੌਦੇ ਸਬੰਧੀ ਕੇਸ ਦੀ ਸੁਣਵਾਈ ਪੂਰੀ ਕਰ ਲਈ ਹੈ। ਅਦਾਲਤ ਨੇ ਇਸ ਫੈਸਲੇ ਦੀ ਜਾਂਚ ਲਈ ਸਿੱਟ ਬਣਾਉਣ ਜਾਂ ਨਾ ਬਣਾਉਣ ਬਾਰੇ ਆਪਣੇ ਫੈਸਲੇ ਨੂੰ ਸੁਰੱਖਿਅਤ ਰੱਖਿਆ ਹੈ। ਕੇਸ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਜਹਾਜ਼ਾਂ ਦੀ ਕੀਮਤ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਬੁੱਧਵਾਰ ਨੂੰ ਰਾਫੇਲ ਲ਼ੜਾਕੂ ਜਹਾਜ਼ਾਂ ਦੇ ਖ੍ਰੀਦ ਸਬੰਧੀ ਗੁਪਤ ਰੱਖਣ ਪ੍ਰਬੰਧਨ ਦਾ ਬਚਾਅ ਕੀਤਾ। ਅਦਾਲਤ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਸੌਦੇ ਦੀਆਂ ਜਾਣਕਾਰੀਆਂ ਜਨਤਕ ਨਹੀਂ ਕਰ ਸਕਦੀ। ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਕਿਹਾ ਕਿ ਹਵਾਈ ਸੇਨਾ ਦੀਆਂ ਫੌਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਫੇਲ ਜੈਟ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਕਾਰਗਿਲ ਦੀ ਲੜਾਈ ’ਚ ਅਸੀਂ ਆਪਣੇ ਕਈ ਜਵਾਨਾਂ ਨੂੰ ਗਵਾਇਆ। ਜੇਕਰ ਉਸ ਦੌਰਾਨ ਸਾਡੇ ਕੋਲ ਰਾਫੇਲ ਏਅਰਕਰਾਫਟ ਹੁੰਦੇ ਤਾਂ ਨੁਕਸਾਨ ਘੱਟ ਹੋਣਾ ਸੀ। ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਹਵਾਈ ਸੇਨਾ ਦੇ ਅਧਿਕਾਰੀਆਂ ਤੋਂ ਸਵਾਲ ਜਵਾਬ ਕਰਨ ਉਪਰੰਤ ਵਾਪਿਸ ਜਾਣ ਦੀ ਇਜਾਜ਼ਤ ਦੇ ਦਿੱਤੀ ਜਿਨ੍ਹਾਂ ਵਿੱਚ ਇੱਕ ਏਅਰ ਮਾਰਸ਼ਲ ਅਤੇ 4 ਏਅਰ ਵਾਇਸ ਮਾਰਸ਼ਲ ਸ਼ਾਮਿਲ ਸਨ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਇਸ ਪੂਰੇ ਮਾਮਲੇ ’ਚ ਭਾਈ ਹਵਾਈ ਸੇਨਾ ਦਾ ਪੱਖ ਸੁਣੇ ਜਾਣ ਦੀ ਜ਼ਰੂਰਤ ਹੈ। ਮੁੱਖ ਜੱਜ ਰੰਜਨ ਗੋਗੋਈ ਦੇ ਪੁੱਛਣ ਤੋਂ ਬਾਅਦ ਇਹ ਅਧਿਕਾਰੀ ਅਦਾਲਤ ਵਿੱਚ ਪੇਸ਼ ਹੋਏ ਸਨ।

VIA PUNJAB