ਸੂਬੇ ਦੇ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਕੁਲ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ ਹੈ| ਇਸ ਨਾਲ ਸੂਬੇ ਦੇ ਕਰੀਬ 80 ਲੱਖ ਲੋਕਾਂ ਨੂੰ ਸਿੱਧੇ ਤੌਰ ‘ਤੇ ਮੁਫਤ ਮੈਡੀਕਲ ਸਹੂਲਤ ਦਾ ਲਾਭ ਪ੍ਰਾਪਤ ਹੋਵੇਗਾ|
ਸ੍ਰੀ ਵਿਜ ਨੇ ਦਸਿਆ ਕਿ ਸਾਡੀ ਸਰਕਾਰ ਵੱਲੋਂ ਦੇਸ਼ ਵਿਚ ਸੱਭ ਤੋਂ ਪਹਿਲਾ ਇਹ ਸਹੂਲਤ ਪਾਇਲਟ ਪ੍ਰੋਜੈਕਟ ਆਧਾਰ ‘ਤੇ ਹਰਿਆਣਾ ਵਿਚ ਪਿਛਲੀ 15 ਅਗਸਤ ਤੋਂ ਸ਼ੁਰੂ ਕੀਤੀ ਸੀ| ਇਸ ਦੇ ਤਹਿਤ ਸਾਰੇ 22 ਜਿਲਿਆਂ ਦੇ ਸਰਕਾਰੀ ਹਸਪਤਾਲ, ਇਕ ਈ.ਐਸ.ਆਈ. ਅਤੇ ਇਕ ਮੈਡੀਕਲ ਕਾਲਜ ਵਿਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਸਤੰਬਰ ਨੂੰ ਰਾਂਚੀ ਤੋਂ ਇਸ ਯੋਜਨਾ ਦਾ ਦੇਸ਼ ਵਿਆਪੀ ਸ਼ੁਰੂਆਤ ਕਰੇਗਾ| ਇਸ ਦੇ ਤਹਿਤ ਦੇਸ਼ ਦੇ 10 ਕਰੋੜ ਪਰਿਵਾਰਾਂ ਅਤੇ ਹਰਿਆਣਾ ਦੇ 15.50 ਲੱਖ ਪਰਿਵਾਰਾਂ ਨੂੰ ਮੁਫਤ 5 ਲੱਖ ਰੁਪਏ ਤਕ ਦੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ| ਸਿਹਤ ਮੰਤਰੀ ਨੇ ਦਸਿਆ ਕਿ ਰਾਜ ਵਿਚ ਇਸ ਯੋਜਨਾ ਨਾਲ ਲੋਕਾਂ ਨੂੰ ਲਾਭ ਮਿਲਣਾ ਵੀ ਸ਼ੁਰੂ ਹੋ ਗਿਆ ਹੈ| ਇਸ ਦੇ ਤਹਿਤ ਅਜੇ ਤਕ 35 ਲੋਕਾਂ ਨੇ ਸਹਾਇਤਾ ਰਕਮ ਦਾ ਦਾਅਵਾ ਕੀਤਾ ਹੈ, ਜਿੰਨਾਂ ਵਿਚੋਂ 18 ਲੋਕਾਂ ਨੂੰ ਪ੍ਰਾਪਤ ਕਰਵਾ ਦਿੱਤਾ ਗਿਆ ਹੈ| ਇਸ ਤਰਾਂ, 126 ਲੋਕ ਹਸਪਤਾਲਾਂ ਵਿਚ ਭਰਤੀ ਹੋਏ ਹਨ ਅਤੇ 4556 ਲੋਕਾਂ ਦੀ ਜਾਂਚ ਤੋਂ ਬਾਅਦ ਉਨਾਂ ਨੂੰ ਗੋਲਡਨ ਰਿਕਾਰਡ ਵਿਚ ਸ਼ਾਮਿਲ ਕੀਤਾ ਗਿਆ ਹੈ| ਉਨਾਂ ਦਸਿਆ ਕਿ ਅਜੇ ਤਕ ਸਰਕਾਰੀ ਹਸਪਤਾਲਾਂ ਵਿਚ ਇਹ ਸਹੂਲਤ ਰਾਜ ਦੇ ਸਾਰੇ 22 ਜਿਲਾ ਹਸਪਤਾਲਾਂ, 35 ਉਪ ਮੰਡਲ ਹਸਪਤਾਲਾਂ, 6 ਜਨਤਕ ਸਿਹਤ ਕੇਂਦਰਾਂ, 5 ਮੈਡੀਕਲ ਕਾਲਜਾਂ ਅਤੇ 4 ਈ.ਐਸ.ਆਈ. ਹਸਪਤਾਲਾਂ ਵਿਚ ਸ਼ੁਰੂ ਕੀਤੀ ਗਈ ਹੈ| ਸ੍ਰੀ ਵਿਜ ਨੇ ਕਿਹਾ ਕਿ ਰਾਜ ਦੇ ਹਸਪਤਾਲਾਂ ਵਿਚ ਮਰੀਜਾਂ ਦੀ ਸਹੂਲਤ ਲਈ ਆਯੂਸ਼ਮਾਨ ਮਿਤਰਾਂ ਨੂੰ ਲਗਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅਜੇ ਤਕ ਰਾਜ ਦੇ ਹਸਪਤਾਲਾਂ ਵਿਚ 284 ਆਯੂਸ਼ਮਾਨ ਮਿਤਰਾਂ ਦੀ ਸੇਵਾਵਾਂ ਲਈਆ ਜਾ ਰਹੀਆਂ ਹਨ| ਇੰਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ| ਇਹ ਹਸਪਤਾਲਾਂ ਵਿਚ ਆਉਣ ਵਾਲੇ ਮਰੀਜਾਂ ਨੂੰ ਮਾਰਗਦਰਸ਼ਨ ਅਤੇ ਉਨਾਂ ਦੇ ਇਲਾਜ ਵਿਚ ਸਹਿਯੋਗ ਕਰਨ ਦਾ ਕੰਮ ਕਰ ਰਹੇ ਹਨ| ਇਸ ਤੋਂ ਇਲਾਵਾ 22 ਜਿਲਾ ਨੋਡਲ ਅਧਿਕਾਰੀ ਅਤੇ 22 ਜਿਲਾ ਆਈ.ਟੀ. ਮੈਨੇਜਰਾਂ ਨੂੰ ਵੀ ਆਯੂਸ਼ਮਾਨ ਭਾਰਤ ਯੋਜਨਾ ਦੇ ਸੰਚਾਲਨ ਵਿਚ ਲਗਾਇਆ ਗਿਆ ਹੈ|

VIA PUNJAB