ਸੈਕਸ ਸ਼ੋਸ਼ਣ ਮਾਮਲੇ ਵਿੱਚ ਫਸੇ ਚਿਨਮਯਾਨੰਦ ਨੂੰ 14 ਦਿਨਾਂ ਲਈ ਜੇਲ ਭੇਜਿਆ

ਬਲਾਤਕਾਰ ਦੇ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਚਿਨਮਯਾਨੰਦ ਨੂੰ ਯੂ.ਪੀ. ਦੇ ਸ਼ਾਹਜਹਾਂਪੁਰ ਦੀ ਇਕ ਕੋਰਟ ਨੇ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਦਿੱਤਾ ਹੈ| ਇਸ ਤੋਂ ਪਹਿਲਾਂ ਅੱਜ ਸਵੇਰੇ ਚਿਨਮਯਾਨੰਦ ਨੂੰ ਯੂ.ਪੀ. ਪੁਲੀਸ ਅਤੇ ਐਸ.ਆਈ.ਟੀ. ਨੇ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ| ਚਿਨਮਯਾਨੰਦ ਨੂੰ ਸਖਤ ਸੁਰੱਖਿਆ ਦਰਮਿਆਨ ਜੂਡੀਸ਼ਲ ਮੈਜਿਸਟਰੇਟ (ਸੀ.ਜੇ.ਐਮ.) ਕੋਰਟ ਵਿੱਚ ਪੇਸ਼ ਕੀਤਾ ਗਿਆ| ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਜੇਲ ਭੇਜਣ ਦਾ ਆਦੇਸ਼ ਦਿੱਤਾ ਹੈ| ਪੀੜਤਾ ਵਲੋਂ ਵੀਡੀਓ ਜਾਰੀ ਕੀਤੇ ਜਾਣ ਦੇ ਬਾਅਦ ਤੋਂ ਚਿਨਮਯਾਨੰਦ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ| ਯੂ.ਪੀ. ਪੁਲੀਸ ਅਤੇ ਐਸ.ਆਈ.ਟੀ. ਨੇ ਸ਼ਾਹਜਹਾਂਪੁਰ ਸਥਿਤ ਮੁਮੁਕਸ਼ੂ ਆਸ਼ਰਮ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਹੈ| ਕੋਰਟ ਵਿੱਚ ਪੇਸ਼ੀ ਤੋਂ ਪਹਿਲਾਂ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ| ਜ਼ਿਕਰਯੋਗ ਹੈ ਕਿ ਪੀੜਤ ਵਿਦਿਆਰਥਣ ਨੇ ਚਿਨਮਯਾਨੰਦ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ| ਸਵਾਮੀ ਚਿਨਮਯਾਨੰਦ ਦੀ ਵਕੀਲ ਪੂਜਾ ਸਿੰਘ ਨੇ ਕਿਹਾ ਕਿ ਚਿਨਮਯਾਨੰਦ ਨੂੰ ਘਰੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਐਸ.ਆਈ.ਟੀ. ਵਲੋਂ ਹਾਲੇ ਤੱਕ ਐਫ.ਆਈ.ਆਰ. ਦੀ ਕਾਪੀ ਜਾਂ ਫਿਰ ਹੋਰ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ| ਵਕੀਲ ਨੇ ਦੱਸਿਆ ਕਿ ਐਸ.ਆਈ.ਟੀ. ਵਲੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਤੋਂ ਅਰੈਸਟ ਮੈਮੋ ਤੇ ਦਸਤਖਤ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਪਤਾ ਲੱਗਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ| ਜ਼ਿਕਰਯੋਗ ਹੈ ਕਿ ਚਿਨਮਯਾਨੰਦ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਭਾਜਪਾ ਨੇਤਾ ਤੇ ਆਪਣੇ ਹੀ ਕਾਲਜ ਦੀ ਲਾਅ ਸਟੂਡੈਂਟ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ| ਪੀੜਤਾ ਵਲੋਂ ਇਸ ਸੰਬੰਧ ਵਿੱਚ ਲਗਾਤਾਰ ਕਈ ਵੀਡੀਓ ਜਾਰੀ ਕਰ ਕੇ ਚਿਨਮਯਾਨੰਦ ਤੇ ਦੋਸ਼ ਲਗਾਏ ਗਏ ਸਨ| ਹਾਲਾਂਕਿ ਚਿਨਮਯਾਨੰਦ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਕਹਿ ਰਹੇ ਸਨ ਕਿ ਉਹ ਨਿਰਦੋਸ਼ ਹਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ| ਹਸਪਤਾਲ ਵਿੱਚ ਭਰਤੀ ਚਿਨਮਯਾਨੰਦ ਨੂੰ ਕੇ. ਜੀ. ਐਮ. ਯੂ. ਲਖਨਊ ਲਈ ਰੈਫਰ ਕੀਤਾ ਗਿਆ ਸੀ| ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਯੂਰਵੈਦਿਕ ਇਲਾਜ ਚਾਹੁੰਦੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੁਮੁਕਸ਼ੂ ਆਸ਼ਰਮ ਵਾਪਸ ਲਿਜਾਇਆ ਗਿਆ ਸੀ|

VIA PUNJAB