ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਏ.ਡੀ.ਆਈ.ਪੀ. ਸਕੀਮ ਪਾਉਂਣ ਵਾਲੀ ਭਾਰਤ ਦੀ ਪਹਿਲੀ ਪ੍ਰਾਈਵਟ ਯੂਨੀਵਰਸਿਟੀ ਬਣੀ

ਅੰਮ੍ਰਿਤਸਰ – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਭਾਰਤ ਦੀ ਪਹਿਲੀ ਨੈਸ਼ਨਲ ਕਾਨਫਰੰਸ “SOUND – Screening of Universal Neonatal Deafness” ਦੀ ਮਿਤੀ 10/08/2018 ਨੂੰ ਸ਼ੁਰੂਆਤ ਕੀਤੀ ਗਈ। ਇਸ ਕਾਨਫਰੰਸ ਵਿੱਚ ਅੱਜ ਮਿਤੀ 11/08/2018 ਨੂੰ ਡਾ. ਏ. ਕੇ. ਸਿੰਨ੍ਹਾਂ, ਡਾਇਰੈਕਟਰ, ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ਼ ਸਪੀਚ ਐਂਡ ਹੀਅਰਿੰਗ ਡਿਸਅਬਿਲਟੀ ਬਤੌਰ ਮੁੱਖ ਮਹਿਮਾਨ ਅਤੇ ਡਾ. ਬਲਜੀਤ ਕੌਰ, ਅਸਿਸਟੈਂਟ ਡਾਇਰੈਕਟਰ, ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ, ਪੰਜਾਬ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ।ਮਸ਼ਹੂਰ ਆਸਟ੍ਰੈਲੀਅਨ ਕ੍ਰਿਕਟਰ ਬ੍ਰੈਟ ਲੀ ਨੇ ਇਸ ਸਾਲ ਮਈ ਮਹੀਨੇ ਵਿੱਚ “SOUND – Screening of Universal Neonatal Deafness” ਯੂਨੀਵਰਸਲ ਨਿਊ ਬਾਰਨ ਹੈਰਿੰਗ ਸਕ੍ਰੀਨਿੰਗ ਦਾ ਉਦਘਾਟਨ ਕੀਤਾ ਸੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਭਾਰਤ ਦੀ ਪਹਿਲੀ ਪ੍ਰਾਈਵੇਟ ਸੰਸਥਾਂ ਹੈ ਜਿਸ ਨੂੰ ਕੇਂਦਰ ਸਰਕਾਰ ਵੱਲੋਂ ਏ.ਡੀ.ਪੀ.ਆਈ. ਸਕੀਮ ਅਧੀਨ ਸੂਚੀਬੱਧ ਹੋਣ ਦਾ ਮਾਨ ਹਾਸਲ ਹੋਇਆ ਹੈ।ਇਸ ਪ੍ਰੋਜੈਕਟ ਅਧੀਨ ਯੂਨੀਵਰਸਿਟੀ OAE ਟੈਸਟ ਵਿਧੀ ਨਾਲ ਹਰ ਮਹੀਨੇ 180 ਨਵ-ਜੰਮੇ ਬੱਚਿਆਂ ਦੀ ਬਹਿਰੇਪਨ ਲਈ ਸਕ੍ਰੀਨਿੰਗ ਕਰ ਰਹੀਂ ਹੈ। ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਖੇ ਜਨਮ ਲੈਣ ਵਾਲੇ ਅਤੇ ਟੀਕਾ ਲਗਵਾਉਣ ਆਉਂਣ ਵਾਲੇ ਬੱਚਿਆਂ ਵਿੱਚ ਬਹਿਰਾਪਨ ਚੈੱਕ ਕਰਨ ਲਈ ਹਸਪਤਾਲ ਦੀ ENT – OPD ਅਤੇ ਵਾਰਡ ਵਿੱਚ ਸਕ੍ਰੀਨਿੰਗ ਕੀਤੀ ਜਾ ਰਹੀਂ ਹੈ। ਇਸ ਤੋਂ ਇਲਾਵਾ ਵੱਖ- ਵੱਖ ਲਾਗਲੇ ਪਿੰਡਾਂ ਅਤੇ ਸਿਵਲ ਹਸਪਤਾਲ ਵਿੱਚ ਜਾ ਕੇ ਬਹਿਰਾਪਨ ਚੈੱਕ ਕਰਨ ਲਈ ਲਗਾਤਾਰ ਕੈਂਪ ਵੀ ਲਗਾਏ ਜਾ ਰਹੇ ਹਨ, ਤਾਂ ਕਿ ਬੱਚਿਆਂ ਵਿੱਚ ਬਿਮਾਰੀ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਪਤਾ ਕਰਕੇ ਇਸ ਦਾ ਇਲਾਜ ਕੀਤਾ ਜਾ ਸਕੇ।ਯੂਨੀਵਰਸਿਟੀ ਪਹਿਲਾਂ ਹੀ ਘੱਟ ਤੋਂ ਘੱਟ ਸੰਭਵ ਕੀਮਤ ਤੇ ਇਨ੍ਹਾਂ ਬੱਚਿਆਂ ਦੇ ਇਲਾਜ ਕਰ ਰਹੀਂ ਹੈ ਤੇ ਅੱਜ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀਂ ਏ.ਡੀ.ਆਈ.ਪੀ. ਸਕੀਮ ਅਧੀਨ ਸੂਚੀਬੱਧ ਕਰਨ ਦੇ ਬਾਅਦ ਬਹਿਰੇਪਨ ਦੇ ਮਰੀਜ਼ਾਂ ਨੂੰ ਇਲਾਜ ਦੇ ਖਰਚੇ ਵਿੱਚ ਹੋਰ ਜਿਆਦਾ ਰਾਹਤ ਮਿਲਣ ਦੇ ਰਸਤੇ ਖੁੱਲ੍ਹ ਗਏ ਹਨ।ਇਸ ਮੌਕੇ ਤੇ ਸੰਬੋਧਨ ਕਰਦਿਆ ਭਾਰਤ ਸਰਕਾਰ ਵੱਲੋਂ ਪੁੱਜੇ ਮੁੱਖ ਮਹਿਮਾਨ ਡਾ. ਏ. ਕੇ. ਸਿੰਨ੍ਹਾਂ ਨੇ ਕਿਹਾ ਕਿ ਇੱਕ ਅੰਦਾਜੇ ਅਨੁਸਾਰ ਭਾਰਤ ਵਿੱਚ ਹਰ ਸਾਲ ਕਰੀਬ 35,000 ਬੱਚਿਆਂ ਨੂੰ ਕੋਕਲੇਅਰ ਇੰਮਪਲਾਂਟ ਦੀ ਜਰੂਰਤ ਹੁੰਦੀ ਹੈ। ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀਂ ਏ.ਡੀ.ਪੀ.ਆਈ. ਸਕੀਮ ਅਧੀਨ ਦੇਸ਼ ਵਿੱਚ 1000 ਤੋਂ ਜਿਆਦਾ ਕੋਕਲੇਅਰ ਇੰਮਪਲਾਂਟ ਸਰਜਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਏ.ਡੀ.ਪੀ.ਆਈ. ਸਕੀਮ ਅਧੀਨ 500 ਮਰੀਜ਼ਾਂ ਨੂੰ ਸਪਾਂਸਰ ਕਰਦੀ ਹੈ, ਜੋ ਕਿ ਲੋੜ ਤੋਂ ਬਹੁੱਤ ਘੱਟ ਹੈ। ਉਨ੍ਹਾਂ ਕਿਹਾ ਕਿ ਇਹ ਬਹੁੱਤ ਖੁਸ਼ੀ ਦੀ ਗੱਲ ਹੈ ਕਿ ਲਾਚਾਰ ਲੋਕਾਂ ਦੀ ਸਹਾਇਤਾ ਲਈ ਪਬਲਿਕ ਅਤੇ ਪ੍ਰਾਈਵਟ ਸੈਕਟਰ ਅੱਗੇ ਆ ਰਹੇ ਹਨ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਉਨ੍ਹਾਂ ਦੀ ਪਹਿਲ ਕਦਮੀ ਲਈ ਵਧਾਈ ਦਿੱਤੀ।

VIA PUNJAB