ਸ੍ਰੀ ਬ੍ਰਹਮ ਮਹਿੰਦਰਾ ਤੇ ਸਰਕਾਰੀਆ ਨੇ ਪੁੱਛਿਆ ਮਰੀਜਾਂ ਦਾ ਹਾਲ

9 ਹੋਰ ਪੀੜਤ ਪਰਿਵਾਰਾਂ ਨੂੰ 5-5 ਲੱਖ ਦੇ ਚੈਕ ਤਕਸੀਮ

ਚੰਡੀਗੜ੍ਹ – ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅੱਜ ਮੁੜ ਰੇਲ ਹਾਦਸੇ ਦੇ ਪੀੜਤਾਂ ਦਾ ਹਾਲ ਪੁੱਛਣ ਲਈ ਨਿੱਜੀ ਹਸਪਤਾਲ ਗਏ। ਰੇਲ ਹਾਦਸੇ ਦੇ 9 ਹੋਰ ਪੀੜਤ ਪਰਿਵਾਰਾਂ ਨੂੰ 5-5 ਲੱਖ ਦੇ ਚੈਕ ਤਕਸੀਮ ਕੀਤੇ ਗਏ ਹਨ। ਹੁਣ ਕੁੱਲ 58 ’ਚੋਂ 38 ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇ ਚੈਕ ਦੇ ਦਿੱਤੇ ਗਏ ਹਨ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਬਾਕੀ ਸਹਾਇਤਾ ਵੀ ਛੇਤੀ ਦਿੱਤੀ ਜਾਵੇਗੀ। ਇਸ ਵਿੱਚ ਜ਼ਖਮੀਆਂ ਨੂੰ 50 ਹਜ਼ਾਰ ਮਾਲੀ ਮਦਦ ਦੇਣਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇਸ ਮੌਕੇ ਉਨ੍ਹਾਂ ਮਰੀਜਾਂ ਨੂੰ ਮਿਲ ਰਹੇ ਇਲਾਜ ਬਾਰੇ ਪੁੱਛਿਆ ਤੇ ਡਾਕਟਰਾਂ ਕੋਲੋਂ ਉਨਾਂ ਦੀ ਸਿਹਤ ਦਾ ਹਾਲ ਵੀ ਜਾਣਿਆ। ਉਨ੍ਹਾਂ ਮਰੀਜਾਂ ਨੂੰ ਕਿਹਾ ਕਿ ਉਨਾਂ ਨੂੰ ਨਿੱਜੀ ਹਸਪਤਾਲਾਂ ਵਿਚ ਵੀ ਕਿਸੇ ਤਰਾਂ ਦੇ ਪੈਸੇ ਦੇਣ ਦੀ ਲੋੜ ਨਹੀਂ, ਇਹ ਸਾਰਾ ਖਰਚਾ ਸਰਕਾਰ ਕਰ ਰਹੀ ਹੈ ਅਤੇ ਉਨਾਂ ਦੀ ਸਿਹਤਯਾਬੀ ਤੱਕ ਕਰੇਗੀ। ਉਨਾਂ ਚੱਲ ਰਹੇ ਇਲਾਜ ’ਤੇ ਤਸੱਲੀ ਪ੍ਰਗਟਾਈ ਅਤੇ ਦੱਸਿਆ ਕਿ ਡਾਕਟਰਾਂ ਅਨੁਸਾਰ ਮੀਰਜ਼ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ ਅਤੇ ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਈ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਜਾਵੇਗੀ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਅਸੀਂ ਜਿੱਥੇ ਇੰਨਾ ਮਰੀਜਾਂ ਦਾ ਇਲਾਜ ਕਰਵਾ ਰਹੇ ਹਾਂ, ਉਥੇ ਇੰਨਾਂ ਦੇ ਘਰ ਪਹੁੰਚ ਕੇ ਇੰਨਾਂ ਦੇ ਸਮਾਜਿਕ ਤੇ ਆਰਥਿਕ ਸਰਵੇਖਣ ਵੀ ਟੀਮਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਅਧਾਰ ’ਤੇ ਭਵਿੱਖ ਵਿਚ ਇਨਾਂ ਦੀ ਸਾਂਭ-ਸੰਭਾਲ ਤੇ ਮੁੜ ਵਸੇਬੇ ਦਾ ਕੰਮ ਸ਼ੁਰੂ ਹੋਵੇਗਾ। ਉਨਾਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੇ ਜਿਹੜੇ ਵਾਰਸਾਂ ਦੀ ਪ੍ਰਸ਼ਾਸਨ ਵੱਲੋਂ ਪੁਸ਼ਟੀ ਹੋ ਰਹੀ ਹੈ, ਉਨਾਂ ਨੂੰ ਨਾਲੋ-ਨਾਲ ਮੁਆਵਜ਼ਾ ਰਾਸ਼ੀ ਦੇ ਚੈਕ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੌਜੂਦਾ ਲੋੜਾਂ ਦੀ ਪੂੁਰਤੀ ਵੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਸਿਹਤ ਵਿਭਾਗ ਵੱਲੋਂ ਮਰੀਜਾਂ ਦੀ ਕੀਤੀ ਜਾ ਰਹੀ ਦੇਖਭਾਲ ’ਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਮੈਨੂੰ ਤਸੱਲੀ ਹੈ ਕਿ ਸਾਰੇ ਮਰੀਜਾਂ ਨੂੰ ਸਾਡੇ ਡਾਕਟਰਾਂ ਨੇ ਬੜੇ ਢੰਗ ਤਰੀਕੇ ਨਾਲ ਸਾਂਭਿਆ ਤੇ ਇਲਾਜ ਕੀਤਾ ਹੈ। ਉਨਾਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਟੀਮ ਵੱਲੋਂ ਜ਼ਖਮੀਆਂ ਦੀ ਸਾਂਭ-ਸੰਭਾਲ ਲਈ ਕੀਤੇ ਗਏ ਪ੍ਰਬੰਧਾਂ ’ਤੇ ਵੀ ਤਸੱਲੀ ਮਹਿਸੂਸ ਕੀਤੀ ਅਤੇ ਕਿਹਾ ਕਿ ਅਜਿਹਾ ਕਰਕੇ ਇੰਨਾਂ ਨੇ ਪੀੜਤ ਪਰਿਵਾਰਾਂ ਦੇ ਜ਼ਖਮਾਂ ’ਤੇ ਮਲਮ ਪੱਟੀ ਲਗਾਉਣ ਦਾ ਕੰਮ ਕੀਤਾ ਹੈ, ਜੋ ਕਿ ਸਮੇਂ ਦੀ ਵੱਡੀ ਲੋੜ ਸੀ।

VIA PUNJAB